ਦਲਜੀਤ ਕੌਰ ਭਵਾਨੀਗੜ੍ਹ
ਲਹਿਰਾਗਾਗਾ, 22 ਸਤੰਬਰ, 2022: ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਜਿੱਥੇ ਇਹ ਵਿਦਿਆਰਥੀ ਦੀ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹਨ ਉੱਥੇ ਹੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਦੀਆਂ ਹਨ। ਇਸੇ ਮਕਸਦ ਨਾਲ ਬਲਾਕ ਲਹਿਰਾਗਾਗਾ ਦਾ ਦੋ ਰੋਜ਼ਾ ਪ੍ਰਾਇਮਰੀ ਖੇਡ ਮੇਲਾ ਪਿੰਡ ਭਾਈ ਕੀ ਪਿਸ਼ੌਰ ਵਿਖੇ ਕਰਵਾਇਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਖੇਡ ਨੋਡਲ ਅਫਸਰ ਰਮਾ ਰਾਣੀ ਅਤੇ ਸੈਂਟਰ ਹੈੱਡ ਟੀਚਰ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਖੇਡ ਮੇਲੇ ਵਿਚ ਬਲਾਕ ਦੇ ਸੱਤ ਸੈਂਟਰਾਂ ਦੀਆਂ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ । ਲਗਪਗ 54 ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਵਿਚੋਂ ਆਏ ਵਿਦਿਆਰਥੀਆਂ ਵੱਲੋਂ ਕਬੱਡੀ ਸਰਕਲ, ਕਬੱਡੀ ਨੈਸ਼ਨਲ ਸਟਾਈਲ , ਰੱਸਾਕਸ਼ੀ, ਫੁੁੱਟਬਾਲ, ਬੈਡਮਿੰਟਨ, ਖੋ-ਖੋ, ਜਿਮਨਾਸਟਿਕ, ਸਤਰੰਜ, ਯੋਗਾ, ਕੁਸ਼ਤੀਆਂ, ਕਰਾਟੇ ਅਤੇ ਅਥਲੈਟਿਕਸ ਦੇ ਵੱਖ-ਵੱਖ ਈਵੈਂਟ ਕਰਵਾਏ ਗਏ।
ਖੇਡ ਮੇਲੇ ਦੀ ਸ਼ੁਰੂਆਤ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਵਿਨੋਦ ਕੁਮਾਰ ਹਾਂਡਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਰਜਿੰਦਰ ਕੁਮਾਰ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ਸਾਰੇ ਸੈਂਟਰਾਂ ਦੇ ਖਿਡਾਰੀਆਂ ਵੱਲੋਂ ਆਪਣੇ ਆਪਣੇ ਸੈਂਟਰ ਦਾ ਝੰਡਾ ਤੇ ਤਖ਼ਤੀ ਲੈ ਕੇ ਮਾਰਚ ਪਾਸਟ ਕੀਤਾ ਗਿਆ ਅਤੇ ਖੇਡ ਭਾਵਨਾ ਨਾਲ ਖੇਡਾਂ ਖੇਡਣ ਦੀ ਸਹੁੰ ਚੁੱਕੀ। ਮਾਰਚ ਪਾਸਟ ਉਪਰੰਤ ਜਲਾਈ ਮਸ਼ਾਲ ਅਤੇ ਅਸਮਾਨ ਵਿਚ ਕਬੂਤਰਾਂ ਨੂੰ ਉਡਾ ਕੇ ਖੇਡ ਮੇਲੇ ਦਾ ਆਗਾਜ਼ ਰੰਗ ਬੰਨ੍ਹਣ ਵਾਲਾ ਸੀ।
ਖੇਡ ਮੇਲੇ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਡੀ ਐੱਸ ਪੀ ਲਹਿਰਾਗਾਗਾ ਸ੍ਰੀ ਪੁਸ਼ਪਿੰਦਰ ਸਿੰਘ, ਐਡਵੋਕੇਟ ਤਰਲੋਕ ਸਿੰਘ ਭੰਗੂ, ਬਲਾਕ ਸੰਮਤੀ ਮੈਂਬਰ ਜਸਪਾਲ ਜੋਸ਼ੀ, ਪ੍ਰੀਤ ਮਹਿੰਦਰ ਸਿੰਘ ਭੰਗੂ, ਸਰਪੰਚ ਪੁਸ਼ਪਿੰਦਰ ਜੋਸ਼ੀ, ਵੀਰਪਾਲ ਸਿੰਘ ਅਤੇ ਸਕੂਲ ਮਨੇਜਮੈਂਟ ਚੇਅਰਮੈਨ ਕੁਲਦੀਪ ਜੋਸ਼ੀ ਵੱਲੋਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਵਿਦਿਆਰਥੀਆਂ ਨਾਲ ਰੂਬਰੂ ਹੋਏ ਡੀ.ਐੱਸ.ਪੀ ਲਹਿਰਾ ਪੁਸ਼ਪਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਖੇਡਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ ।
ਖੇਡਾਂ ਦੇ ਅੰਤ ਵਿਚ ਇਨਾਮ ਵੰਡ ਸਮਾਰੋਹ ਦੌਰਾਨ ਐੱਮ. ਐੱਲ. ਏ ਲਹਿਰਾਗਾਗਾ ਸ੍ਰੀ ਵਰਿੰਦਰ ਗੋਇਲ ਜੀ ਦੇ ਨੁਮਾਇੰਦੇ ਦੇ ਤੌਰ ਤੇ ਮੈਡਮ ਕਾਂਤਾ ਗੋਇਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਜੇਤੂ ਬੱਚਿਆਂ ਨੂੰ ਮੈਡਲ ਅਤੇ ਟਰਾਫ਼ੀਆਂ ਤਕਸੀਮ ਕਰਕੇ ਹੌਸਲਾ ਅਫਜ਼ਾਈ ਕੀਤੀ। ਖੇਡਾਂ ਵਿੱਚ ਓਵਰਆਲ ਟਰਾਫ਼ੀ ਸੈਂਟਰ ਲਹਿਰਾ ਕੁੜੀਆਂ ਵੱਲੋਂ ਜਿੱਤੀ ਗਈ। ਖੇਡਾਂ ਦੌਰਾਨ ਸੈਕੰਡਰੀ ਸਕੂਲਾਂ ਦੇ ਡੀ.ਪੀ ਅਤੇ ਪੀ.ਟੀ ਟੀਚਰ ਸਹਿਬਾਨਾਂ ਵੱਲੋਂ ਮੁਕਾਬਲੇ ਕਰਵਾਉਣ ਵਿਚ ਸ਼ਾਨਦਾਰ ਭੂਮਿਕਾ ਨਿਭਾਈ ਗਈ।
ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਲਖਮੀਰ ਸਿੰਘ ਬੀ. ਐੱਮ. ਟੀ ਲਹਿਰਾ ਅਤੇ ਸਰਬਜੀਤ ਸਿੰਘ ਕਿਸ਼ਨਗਡ਼੍ਹ ਵੱਲੋਂ ਨਿਭਾਈ ਗਈ।