ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 21 ਸਤੰਬਰ, 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲਾ ਪੱਧਰੀ ਟੂਰਨਾਮੈਂਟ ਦੌਰਾਨ ਅੱਜ ਅੰਡਰ-21, 21 ਤੋਂ 40 ਸਾਲ ਉਮਰ ਵਰਗ, 41 ਤੋਂ 50 ਸਾਲ ਅਤੇ 50 ਤੋਂ ਵੱਧ ਉਮਰ ਵਰਗ ਦੇ ਮਹਿਲਾਵਾਂ ਅਤੇ ਪੁਰਸ਼ਾਂ ਦੇ ਸੱਤ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨਾਂ ਖੇਡਾਂ ’ਚ ਬੈਡਮਿੰਟਨ, ਟੇਬਲ ਟੈਨਿਸ, ਬਾਕਸਿੰਗ, ਵਾਲੀਬਾਲ, ਫੁੱਟਬਾਲ ਅਤੇ ਕਬੱਡੀ ਦੇ ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ ਦੇ ਮੁਕਾਬਲੇ ਕਰਵਾਏ ਗਏ।
ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਵਾਸੀਆਂ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਲੈ ਕੇ ਪੂਰਾ ਉਤਸ਼ਾਹ ਨਜ਼ਰ ਆ ਰਿਹਾ ਹੈ ਅਤੇ ਜ਼ਿਲਾ ਪੱਧਰੀ ਮੁਕਾਬਲਿਆਂ ’ਚ ਹਰ ਉਮਰ ਵਰਗ ਦੇ ਵੱਡੀ ਗਿਣਤੀ ਖਿਡਾਰੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਨਾਂ ਖੇਡਾਂ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਖੇਡ ਮੁਕਾਬਲੇ ਪੂਰੇ ਪਾਰਦਰਸ਼ੀ ਢੰਗ ਅਤੇ ਪੂਰੀ ਖੇਡ ਭਾਵਨਾ ਨਾਲ ਕਰਵਾਏ ਜਾ ਰਹੇ ਹਨ।
ਅੱਜ ਕਰਵਾਏ ਗਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫ਼ਸਰ ਸੰਗਰੂਰ ਰਣਬੀਰ ਸਿੰਘ ਨੇ ਦੱਸਿਆ ਕਿ ਵਾਲੀਬਾਲ ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਬੀ ਦੀ ਟੀਮ ਨੇ ਪਹਿਲਾ ਸਥਾਨ, ਦਿੜਬਾ ਏ ਟੀਮ ਨੇ ਦੂਸਰਾ ਸਥਾਨ ਅਤੇ ਸੰਗਰੂਰ ਏ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਉਨਾਂ ਕਿਹਾ ਕਿ ਫੁੱਟਬਾਲ ਅੰਡਰ-21 ਲੜਕਿਆਂ ਦੇ ਵਰਗ ਵਿੱਚ ਸੁਨਾਮ ਦੀ ਟੀਮ ਨੇ ਪਹਿਲਾ, ਸ਼ੇਰਪੁਰ ਦੀ ਟੀਮ ਨੇ ਦੂਸਰਾ ਅਤੇ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।
ਜ਼ਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਨੈਸ਼ਨਲ ਸਟਾਇਲ ਕਬੱਡੀ ਦੇ ਅੰਡਰ-21 ਤੋਂ 40 ਸਾਲ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਦਿੜਬਾ ਏ ਟੀਮ ਨੇ ਪਹਿਲਾ ਸਥਾਨ, ਸੰਗਰੂਰ ਏ ਟੀਮ ਨੇ ਦੂਸਰਾ ਸਥਾਨ ਅਤੇ ਸੁਨਾਮ ਬੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।