ਮੋਰਿੰਡਾ 21 ਸਤੰਬਰ ( ਭਟੋਆ )
"ਖੇਡਾਂ ਵਤਨ ਪੰਜਾਬ ਦੀਆਂ" ਪੰਜਾਬ ਸਰਕਾਰ ਦਾ ਅਹਿਮ ਉਪਰਾਲਾ ਹੈ, ਜਿਸ ਸਦਕਾ ਖਿਡਾਰੀਆਂ ਵਲੋਂ ਵੱਧ ਚੜ੍ਹ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਉਪਰਾਲਾ ਸੂਬੇ ਵਿਚ ਖੇਡ ਸਭਿਆਚਾਰ ਸਿਰਜਣ ਵਿਚ ਬਹੁਤ ਯੋਗਦਾਨ ਪਾ ਰਿਹਾ ਹੈ। ਇਸ ਸਦਕਾ ਸਾਡੇ ਨੌਜਵਾਨ ਸਰੀਰਕ ਤੇ ਮਾਨਸਿਕ ਤੌਰ ਉੱਤੇ ਮਜ਼ਬੂਤ ਹੋਣ ਦੇ ਨਾਲ ਨਾਲ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕਰਨਗੇ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਹਰਜੋਤ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਮੁਕਾਬਲਿਆਂ ਦੌਰਾਨ ਵੱਖੋ ਵੱਖ ਮੈਦਾਨਾਂ ਵਿਖੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣੇ ਬਹੁਤ ਹੀ ਸ਼ਲਾਘਯੋਗ ਉਪਰਾਲਾ ਹੈ। ਇਸ ਨਾਲ ਜਿੱਥੇ ਨੌਜਵਾਨ ਤੰਦਰੁਸਤੀ ਦੇ ਰਾਹ ਪੈਂਦੇ ਹਨ, ਉੱਥੇ ਅਪਣੀ ਵਿਰਾਸਤ ਨਾਲ ਵੀ ਜੁੜਦੇ ਹਨ।
ਖੇਡਾਂ ਮਨੁੱਖ ਦੀ ਸ਼ਖ਼ਸੀਅਤ ਘੜਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡਾਂ ਨਾਲ ਮਨੁੱਖ ਕੇਵਲ ਸਰੀਰਕ ਤੌਰ ਉਤੇ ਹੀ ਮਜ਼ਬੂਤ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ਉਤੇ ਵੀ ਹੋਰਨਾਂ ਨਾਲੋਂ ਵੱਧ ਮਜ਼ਬੂਤ ਹੋ ਜਾਂਦਾ ਹੈ ਤੇ ਉਸ ਵਿੱਚ ਹਰ ਖੇਤਰ ਵਿੱਚ ਹੋਰਨਾਂ ਨਾਲੋਂ ਚੰਗਾ ਪ੍ਰਦਰਸ਼ਨ ਕਰਨ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ।
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤਹਿਤ ਅੱਜ 50 ਸਾਲਾਂ ਤੋਂ ਉੱਪਰ ਉਮਰ ਵਰਗ ‘ਚ ਐਥੇਲਟਿਕਸ ਮੁਕਾਬਲੇ ਹੋਏ। 50 ਸਾਲਾਂ ਤੋਂ ਵੱਧ ਪੁਰਸ਼ਾਂ ਦੇ ਵਰਗ 3000 ਮੀ. ਦੌੜ ਵਿੱਚ ਜੋਗਿੰਦਰ ਸਿੰਘ ਰੂਪਨਗਰ ਅੱਵਲ ਰਿਹਾ।
ਇਸੇ ਵਰਗ ਵਿੱਚ 400 ਮੀ. ਦੌੜ ਵਿੱਚ ਸਤਵਿੰਦਰ ਸਿੰਘ ਰੂਪਨਗਰ ਨੇ ਪਹਿਲਾ ਸਥਾਨ, ਦੂਜਾ ਸਥਾਨ ਹਰਜਿੰਦਰ ਸਿੰਘ ਰੂਪਨਗਰ ਅਤੇ ਤੀਜਾ ਸਥਾਨ ਸੁੱਚਾ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ।
100 ਮੀ. ਦੌੜ ਵਿੱਚ ਕੁਲਵਿੰਦਰ ਸਿੰਘ ਨੂਰਪੁਰ ਬੇਦੀ, ਗੁਰਦਿੰਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਅਤੇ ਤੀਜਾ ਸਥਾਨ ਹਰਜਿੰਦਰ ਸਿੰਘ ਰੂਪਨਗਰ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ 800 ਮੀ. ਦੌੜ ਵਿੱਚ ਪਹਿਲਾ ਸਥਾਨ ਰਣਧੀਰ ਸਿੰਘ ਰੂਪਨਗਰ ਨੇ, ਦੂਜਾ ਸਥਾਨ ਕੁਲਵਿੰਦਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਅਤੇ ਤੀਜਾ ਸਥਾਨ ਉਰਮੇਸ਼ ਕੁਮਾਰ ਰੂਪਨਗਰ ਨੇ ਪ੍ਰਾਪਤ ਕੀਤਾ।
ਉਮਰ 50 ਸਾਲਾਂ ਤੋਂ ਵੱਧ ਔਰਤਾਂ ਦੇ ਵਰਗ ਵਿੱਚ 100 ਮੀ. ਦੌੜ ਵਿੱਚ ਪਹਿਲਾ ਸਥਾਨ ਭਰਪੂਰ ਕੌਰ ਰੂਪਨਗਰ ਅਤੇ ਦੂਜਾ ਸਥਾਨ ਸੰਤੋਖ ਕੌਰ ਰੂਪਨਗਰ ਨੇ ਪ੍ਰਾਪਤ ਕੀਤਾ।
ਇਸੇ ਵਰਗ 400 ਮੀ. ਦੌੜ ਵਿੱਚ ਪਹਿਲਾ ਸਥਾਨ ਭਰਪੂਰ ਕੌਰ ਰੂਪਨਗਰ ਨੇ ਅਤੇ 800 ਮੀ. ਦੌੜ ਵਿੱਚ ਪਹਿਲਾ ਸਥਾਨ ਪਰਮਜੀਤ ਕੌਰ ਨੂਰਪੁਰ ਬੇਦੀ ਨੇ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਇਸੇ ਵਰਗ ਦੇ ਡਿਸਕਸ ਥਰੌਅ ਵਿੱਚ ਪਹਿਲਾ ਸਥਾਨ ਪੁਸ਼ਵਾ ਦੇਵੀ ਨੂਰਪੁਰ ਬੇਦੀ ਅਤੇ ਦੂਜਾ ਸਥਾਨ ਭੁਪਿੰਦਰ ਕੌਰ ਰੂਪਨਗਰ ਨੇ ਹਾਸਿਲ ਕੀਤਾ।