400 ਮੀਟਰ ਹਰਡਲਜ਼ ’ਚ ਵਿਸ਼ਵ ਪੱਧਰ ’ਤੇ ਕਰ ਚੁੱਕਾ ਹੈ ਦੇਸ਼ ਦੀ ਨੁਮਾਇੰਦਗੀ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 16 ਸਤੰਬਰ, 2022: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਆਮ ਲੋਕਾਂ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਲਈ ਵੀ ਚੰਗਾ ਪਲੇਟਫ਼ਾਰਮ ਸਾਬਤ ਹੋ ਰਹੀਆਂ ਹਨ। ਸੰਗਰੂਰ ’ਚ ਚੱਲ ਰਹੀਆਂ ਜ਼ਿਲਾ ਪੱਧਰੀ ਖੇਡਾਂ ’ਚ ਵੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਊਧਮ ਸਿੰਘ ਵਾਲਾ ਸੁਨਾਮ ਦਾ ਜੰਮਪਲ ਹਰਦੀਪ ਕੁਮਾਰ ਐਥਲੈਟਿਕ ਮੁਕਾਬਲਿਆਂ ’ਚ ਸ਼ਿੱਦਤ ਨਾਲ ਭਾਗ ਲੈ ਰਿਹਾ ਹੈ ਅਤੇ ਜ਼ਿਲਾ ਵਾਸੀਆਂ ਤੇ ਹੋਰਨਾਂ ਨਵੇਂ ਖਿਡਾਰੀਆਂ ਨੂੰ ਇਨਾਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫ਼ਸਰ ਰਣਬੀਰ ਸਿੰਘ ਨੇ ਦੱਸਿਆ ਕਿ ਖੇਡਾਂ ’ਚ ਭਾਗ ਲੈਣ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ’ਤੇ ਤਮਗ਼ੇ ਜੇਤੂ ਨਾਮੀ ਖਿਡਾਰੀ ਲਗਾਤਾਰ ਜ਼ਿਲਾ ਵਾਸੀਆਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਭਾਗ ਲੈਣ ਅਤੇ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਤ ਕਰ ਰਹੇ ਹਨ। ਉਨਾਂ ਦੱਸਿਆ ਕਿ ਹਰਦੀਪ ਕੁਮਾਰ ਨੇ ਅਗਸਤ 2022 ’ਚ 400 ਮੀਟਰ ਹਰਡਲਜ਼ ’ਚ ਵਿਸ਼ਵ ਪੱਧਰ ’ਤੇ ਸਾਡੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ ਅਤੇ ਹੁਣ ਇਨਾਂ ਖੇਡਾਂ ’ਚ ਹਰਡਲਜ਼ ਦੇ ਨਾਲ-ਨਾਲ 400 ਮੀਟਰ ਦੌੜ ’ਚ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਿਹਾ ਹੈ।
ਜ਼ਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਹਰਦੀਪ ਕੁਮਾਰ ਵਾਂਗ ਹਾਲ ਹੀ ਵਿਚ ਬਰਮਿੰਘਮ ’ਚ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਮਗਾ ਜੇਤੂ ਵੇਟਲਿਫ਼ਟਰ ਹਰਜਿੰਦਰ ਕੌਰ ਵੀ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਸੁਨਾਮ ਵਿਖੇ ਵੇਟਲਿਫ਼ਟਿੰਗ ਮੁਕਾਬਲਿਆਂ ’ਚ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ ਸਨ। ਉਨਾਂ ਕਿਹਾ ਕਿ ਇਨਾਂ ਖਿਡਾਰੀਆਂ ਦੀ ਪ੍ਰੇਰਨਾ ਸਦਕਾ ਨਵੇਂ ਖਿਡਾਰੀਆਂ ਨੂੰ ਹੋਰ ਚੰਗਾ ਪ੍ਰਦਰਸ਼ਨ ਕਰਨ ਦਾ ਹੌਸਲਾ ਤੇ ਭਵਿੱਖ ਵਿੱਚ ਆਪਣੇ ਸੁਪਨੇ ਸੱਚ ਕਰ ਵਿਖਾਉਣ ਲਈ ਨਵਾਂ ਜੋਸ਼ ਵੀ ਮਿਲਦਾ ਹੈ।