‘ਖੇਡਾਂ ਵਤਨ ਪੰਜਾਬ ਦੀਆਂ’ ਨਾਲ ਸਾਹਮਣੇ ਆਉਣ ਲੱਗੀ ਮੁੱਕੇਬਾਜ਼ਾਂ ਦੀ ਪ੍ਰਤਿਭਾ
ਵਾਰ ਹੀਰੋਜ਼ ਸਟੇਡੀਅਮ ਤੇ ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ ਹਨ ਮੁੱਕੇਬਾਜ਼ੀ ਮੁਕਾਬਲੇ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 16 ਸਤੰਬਰ, 2022: ਜ਼ਿਲਾ ਸੰਗਰੂਰ ਵਿਖੇ ਇਨੀਂ ਦਿਨੀਂ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਮੁੱਕੇਬਾਜ਼ੀ ਦੇ ਖੇਤਰ ਵਿੱਚ ਕਿਸਮਤ ਅਜਮਾ ਰਹੇ ਖਿਡਾਰੀਆਂ ਦੀ ਪ੍ਰਤਿਭਾ ਸਾਹਮਣੇ ਆਉਣ ਲੱਗ ਪਈ ਹੈ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਵਿੱਚ ਬਹੁ ਗਿਣਤੀ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਆਪਣੀ ਮਿਹਨਤ ਤੇ ਦਿ੍ਰੜ ਇਰਾਦੇ ਸਦਕਾ ਵੱਖ-ਵੱਖ ਉਮਰ ਵਰਗ ਦੇ ਖੇਡ ਮੁਕਾਬਲਿਆਂ ਵਿੱਚ ਖਿਡਾਰੀ ਆਪਣੇ ਖੇਡ ਹੁਨਰ ਨੂੰ ਹੋਰਨਾਂ ਦੇ ਸਾਹਮਣੇ ਲਿਆ ਸਕਣ ਅਤੇ ਕੁਲ ਮਿਲਾ ਕੇ ਬਲਾਕ, ਜ਼ਿਲਾ ਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਜਿੱਤ ਦੀ ਪੌੜੀ ਚੜ ਕੇ ਇਹ ਖਿਡਾਰੀ ਆਪਣੇ ਸੁਨਹਿਰੇ ਭਵਿੱਖ ਵੱਲ ਪੁਲਾਂਘ ਪੁੱਟ ਸਕਣ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲਾ ਖੇਡ ਅਫ਼ਸਰ ਰਣਬੀਰ ਸਿੰਘ ਨੇ ਅੱਜ ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਆਯੋਜਿਤ ਮੁੱਕੇਬਾਜ਼ੀ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਦੱਸਿਆ ਕਿ ਮੁੱਕੇਬਾਜ਼ੀ ਦੇ ਖੇਤਰ ਵਿੱਚ ਜ਼ਿਲੇ ਦੇ ਵੱਡੀ ਗਿਣਤੀ ਖਿਡਾਰੀ ਆਪਣੀ ਕਿਸਮਤ ਅਜਮਾ ਰਹੇ ਹਨ। ਉਨਾਂ ਦੱਸਿਆ ਕਿ ਵਾਰ ਹੀਰੋਜ਼ ਸਟੇਡੀਅਮ, ਸਾਈ ਸੈਂਟਰ ਮਸਤੂਆਣਾ ਸਾਹਿਬ, ਸਰਕਾਰੀ ਰਣਬੀਰ ਕਾਲਜ, ਸ਼ਹੀਦ ਊਧਮ ਸਿੰਘ ਕਾਲਜ ਸੁਨਾਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਅਤੇ ਪੁਲਿਸ ਲਾਈਨ ਸਟੇਡੀਅਮ ਸੰਗਰੂਰ ਵਿਖੇ ਅਨੁਭਵੀ ਕੋਚਾਂ ਦੀ ਸਰਪ੍ਰਸਤੀ ਹੇਠ ਸਾਡੇ ਅਗਾਂਹਵਧੂ ਮੁੱਕੇਬਾਜ਼ ਘੰਟਿਆਂਬੱਧੀ ਅਭਿਆਸ ਕਰਦੇ ਹਨ ਅਤੇ ਫਿਰ ਵੱਖ-ਵੱਖ ਪੱਧਰ ਦੇ ਮੁਕਾਬਲਿਆਂ ਵਿੱਚ ਆਪਣੇ ਹੁਨਰ ਦਾ ਲੋਹਾ ਮਨਵਾਉਂਦੇ ਹਨ।
ਉਨਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਤਹਿਤ ਵਾਰ ਹੀਰੋਜ਼ ਸਟੇਡੀਅਮ ਤੇ ਸਾਈ ਸੈਂਟਰ ਵਿੱਚ ਮੁੱਕੇਬਾਜ਼ੀ ਦੇ ਮੁਕਾਬਲੇ ਚੱਲ ਰਹੇ ਹਨ। ਉਨਾਂ ਦੱਸਿਆ ਕਿ 17 ਸਤੰਬਰ ਤੱਕ ਅੰਡਰ 14 ਅਤੇ ਅੰਡਰ 17 ਉਮਰ ਵਰਗਾਂ ਦੇ ਲੜਕੇ ਤੇ ਲੜਕੀਆਂ ਵਿਚਾਲੇ ਜਦਕਿ 19 ਤੋਂ 21 ਸਤੰਬਰ ਤੱਕ ਅੰਡਰ 21 ਲੜਕੇ ਤੇ ਲੜਕੀਆਂ ਦੇ ਨਾਲ ਨਾਲ 21 ਤੋਂ 40 ਸਾਲ ਉਮਰ ਵਰਗ ਵਿੱਚ ਔਰਤਾਂ ਤੇ ਮਰਦਾਂ ਦੇ ਮੁੱਕੇਬਾਜ਼ੀ ਮੁਕਾਬਲੇ ਕਰਵਾਏ ਜਾਣਗੇ।