-ਭਗਵੰਤ ਮਾਨ ਸਰਕਾਰ ਨੇ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਖੇਡ ਮੈਦਾਨਾਂ 'ਚ ਲਿਆਂਦਾ-ਜੌੜਾਮਾਜਰਾ
-ਵਿਸ਼ੇਸ਼ ਬੱਚਿਆਂ ਦੀ ਦੌੜ ਨੇ ਦਰਸ਼ਕ ਕੀਲੇ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਟੀਮਾਂ ਦਰਮਿਆਨ ਰੱਸਾਕਸੀ ਦਾ ਪ੍ਰਦਰਸ਼ਨੀ ਮੈਚ
-22 ਸਤੰਬਰ ਤੱਕ ਚੱਲਣ ਵਾਲੇ ਖੇਡ ਮੁਕਾਬਲਿਆਂ 'ਚ 10 ਹਜ਼ਾਰ ਤੋਂ ਵਧੇਰੇ ਖਿਡਾਰੀ ਲੈਣਗੇ ਹਿੱਸਾ-ਸਾਕਸ਼ੀ ਸਾਹਨੀ
ਪਟਿਆਲਾ, 12 ਸਤੰਬਰ: ਦੇਸ਼ ਕਲਿੱਕ ਬਿਓਰੋ
ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਅੱਜ ਇੱਥੇ ਰਾਜਾ ਭਾਲਿੰਦਰਾ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਹੋਇਆ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਕਰਵਾਉਣ ਪੁੱਜੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਤੇ ਚੋਣਾਂ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਖੇਡ ਦੇ ਮੈਦਾਨਾਂ ਵਿੱਚ ਲਿਆਂਦਾ ਹੈ। ਉਨ੍ਹਾਂ ਦੇ ਨਾਲ ਸਮਾਗਮ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ ਤੇ ਗੁਰਲਾਲ ਘਨੌਰ ਵੀ ਮੌਜੂਦ ਸਨ।
ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਖਿਡਾਰੀਆਂ ਨੂੰ ਤਿਆਰ ਕਰਨ ਅਤੇ ਸਾਡੇ ਬੱਚਿਆਂ ਅੰਦਰਲੀ ਖੇਡ ਪ੍ਰਤਿਭਾ ਦੀ ਪਛਾਣ ਕਰਕੇ ਉਸਨੂੰ ਅੱਗੇ ਲਿਆਉਣ ਲਈ ਇਹ ਖੇਡਾਂ ਕਰਵਾਉਣ ਦਾ ਸੁਪਨਾ ਲਿਆ ਸੀ, ਜੋ ਅੱਜ ਸਾਕਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਤੋਂ ਮੋਹਰੀ ਸੂਬਾ ਬਣਾਇਆ ਜਾਵੇਗਾ, ਕਿਉਂਕਿ ਪੰਜਾਬ ਦੀ ਧਰਤੀ ਨੇ ਅਨੇਕਾਂ ਵੱਡੇ ਖਿਡਾਰੀ ਪੈਦਾ ਕੀਤੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ 6 ਉਮਰ ਵਰਗਾਂ ਦੇ 5 ਲੱਖ ਦੇ ਕਰੀਬ ਖਿਡਾਰੀ 28 ਖੇਡਾਂ ਵਿੱਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਨੂੰ 6 ਕਰੋੜ ਰੁਪਏ ਦੇ ਨਗ਼ਦ ਇਨਾਮ ਦਿੱਤੇ ਜਾਣਗੇ ਅਤੇ ਇਨ੍ਹਾਂ ਖਿਡਾਰੀਆਂ ਦੀ ਗ੍ਰੇਡੇਸ਼ਨ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣਨ ਦੀ ਰਾਹ 'ਤੇ ਪੈ ਗਿਆ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ 22 ਸਤੰਬਰ ਤੱਕ ਚੱਲਣ ਵਾਲੇ ਇਸ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ 10 ਹਜ਼ਾਰ ਤੋਂ ਵਧੇਰੇ ਖਿਡਾਰੀ 22 ਖੇਡਾਂ ਵਿੱਚ ਭਾਗ ਲੈਣਗੇ। ਇਸ ਮੌਕੇ ਜ਼ਿਲ੍ਹੇ ਦੇ 10 ਬਲਾਕਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ। ਜਦੋਂਕਿ ਪਟਿਆਲਾ ਏਵੀਏਸ਼ਨ ਕਲੱਬ ਦੇ ਚੀਫ ਇੰਸਟਰਕਟਰ ਕੈਪਟਨ ਹਰਪ੍ਰੀਤ ਸਿੰਘ ਆਪਣੇ ਸੈਸਨਾ-172 ਜਹਾਜ ਰਾਹੀਂ ਇਸ ਸਮਾਰੋਹ ਨੂੰ ਯਾਦਗਾਰੀ ਬਣਾਉਣ ਲਈ ਫੁੱਲਾਂ ਦੀ ਵਰਖਾ ਕੀਤੀ।
ਇਸ ਦੌਰਾਨ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਨਸ਼ਿਆਂ ਵਿਰੁੱਧ ਸਹੁੰ ਵਾਲੀਬਾਲ ਦਾ ਏਸ਼ੀਅਨ ਚੈਂਪੀਅਨਸ਼ਿਪ ਅੰਡਰ 21 'ਚ ਸਿਲਵਰ ਮੈਡਲਿਸਟ ਜਗਨੂਰ ਸਿੰਘ ਢੀਂਡਸਾ ਵੱਲੋਂ ਸਹੁੰ ਚੁਕਾਈ ਗਈ। ਕਾਮਨ ਵੈਲਥ ਖੇਡਾਂ ਦੇ ਜ਼ਿਲ੍ਹੇ ਦੇ ਖਿਡਾਰੀ ਤੇ ਕੌਮਾਂਤਾਰੀ ਸਾਇਕਲਿਸਟ ਨਮਨ ਕਪਿਲ ਅਤੇ ਵਿਸ਼ਵ ਪ੍ਰਤਾਪ ਸਿੰਘ ਨੇ ਕੈਬਨਿਟ ਮੰਤਰੀ ਤੋਂ ਖੇਡਾਂ ਦੀ ਮਸ਼ਾਲ ਹਾਸਲ ਕਰਕੇ ਖੇਡ ਮੈਦਾਨ ਵਿੱਚ ਸਜਾਈ।
ਖੇਡਾਂ ਦੇ ਆਗਾਜ਼ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਘਾਹ ਮੰਡੀ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਸ਼ਾਨਦਾਰ ਪੀ.ਟੀ. ਸ਼ੋਅ ਕਰਕੇ ਬਚਪਨ ਤੋਂ ਹੀ ਖੇਡਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਜਦੋਂਕਿ ਨਵਜੀਵਨੀ ਸਕੂਲ ਦੇ ਜੂਨੀਅਰ ਅਤੇ ਸੀਨੀਅਰ ਬੱਚਿਆਂ ਨੇ ਵਿਸ਼ੇਸ਼ ਦੌੜ ਵਿੱਚ ਹਿਸਾ ਲਿਆ।
ਇਸ ਤੋਂ ਇਲਾਵਾ ਰੱਸਾਕਸੀ (ਟੱਗ ਆਫ਼ ਵਾਰ) ਦਾ ਪ੍ਰਦਰਸ਼ਨੀ ਮੈਚ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਜਿਸ ਵਿੱਚ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦਫ਼ਤਰ ਦੇ ਕਰਮਚਾਰੀ ਅਤੇ ਦੂਜੇ ਪਾਸੇ ਨਗਰ ਨਿਗਮ ਪਟਿਆਲਾ ਦੀ ਟੀਮ ਦਰਮਿਆਨ ਕਰਵਾਇਆ ਗਿਆ। ਜਦਕਿ ਅੰਡਰ-21 ਲੜਕੇ ਤੇ ਲੜਕੀਆਂ ਦੀ 100 ਮੀਟਰ ਹੀਟ ਦੌੜ ਵੀ ਕਰਵਾਈ ਗਈ। ਇਸ ਤੋਂ ਬਾਅਦ ਸਰਕਾਰੀ ਮਹਿੰਦਰਾ ਕਾਲਜ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਅਤੇ ਫੀਲ ਖਾਨਾ ਦੇ ਵਿਦਿਆਰਥੀਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ।
ਇਸ ਮੌਕੇ ਏ.ਡੀ.ਸੀ. ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਆਪ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ, ਈਵੈਂਟ ਇੰਚਾਰਜ ਅੰਗਰੇਜ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜ਼ਦਾਨ, ਵੱਖ-ਵੱਖ ਖੇਡਾਂ ਦੇ ਕੋਚ ਅਤੇ ਵੱਡੀ ਗਿਣਤੀ ਖਿਡਾਰੀਆਂ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਵੀ ਮੌਜੂਦ ਸਨ।