ਯੂਐਸ ਓਪਨ ਟੈਨਿਸ ਚੈਂਪੀਅਨਸ਼ਿਪ ‘ਚ ਗਰੈਂਡ ਸਲੈਮ ਖਿਤਾਬ ਜਿੱਤਿਆ
ਨਿਊਯਾਰਕ,12 ਸਤੰਬਰ,ਦੇਸ਼ ਕਲਿਕ ਬਿਊਰੋ:
19 ਸਾਲਾ ਕਾਰਲੋਸ ਅਲਕਾਰੇਜ਼ ਨੇ ਕੈਸਪਰ ਰੂਡ ਨੂੰ ਹਰਾ ਕੇ ਯੂਐਸ ਓਪਨ ਟੈਨਿਸ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਿਆ। ਇਸ ਦੇ ਨਾਲ ਉਹ 19 ਸਾਲ ਦੀ ਉਮਰ ਵਿੱਚ ਨੰਬਰ 1 ਰੈਂਕ ਹਾਸਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ।ਉਹ ਯੂਐਸ ਓਪਨ ਦਾ 32 ਸਾਲ ਬਾਅਦ ਸਭ ਤੋਂ ਘੱਟ ਉਮਰ ਦਾ ਚੈਂਪੀਅਨ ਬਣਿਆ ਹੈ। ਕਾਰਲੋਸ ਨੇ ਯੂਐਸ ਓਪਨ ਦੇ ਫਾਈਨਲ ਵਿੱਚ ਨਾਰਵੇ ਦੇ ਕੈਸਪਰ ਰੂਡ ਨੂੰ 6-4, 2-6, 7-6(1), 6-3 ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਿਆ ਅਤੇ ਪਹਿਲੀ ਵਾਰ ਵਿਸ਼ਵ ਦਾ ਨੰਬਰ ਇੱਕ ਖਿਡਾਰੀ ਬਣ ਗਿਆ।ਜਿਵੇਂ ਹੀ ਅਲਕਾਰੇਜ਼ ਮੈਚ ਜਿੱਤ ਗਿਆ, ਉਹ ਪਿੱਠ ਭਾਰ ਡਿੱਗ ਪਿਆ ਅਤੇ ਨੈੱਟ 'ਤੇ ਰੁਡ ਨੂੰ ਜੱਫੀ ਪਾਉਣ ਲਈ ਛਾਲ ਮਾਰਨ ਤੋਂ ਪਹਿਲਾਂ ਉਸਨੇ ਚਿਹਰੇ 'ਤੇ ਆਪਣੇ ਹੱਥ ਰੱਖੇ। ਨਿਊਯਾਰਕ ਵਿੱਚ ਦੋ ਹਫ਼ਤਿਆਂ ਤੱਕ ਚੱਲੇ ਟੂਰਨਾਮੈਂਟ ਵਿੱਚ ਆਪਣੇ ਐਕਰੋਬੈਟਿਕ ਸ਼ਾਟ ਅਤੇ ਜਨੂੰਨ ਨਾਲ ਪ੍ਰਸ਼ੰਸਕਾਂ ਨੂੰ ਮੋਹਿਤ ਕਰਨ ਵਾਲੇ ਅਲਕਾਰੇਜ਼ ਨੇ ਰੂਸ ਦੇ ਡੇਨੀਲ ਮੇਦਵੇਦੇਵ ਦੀ ਥਾਂ ਲੈ ਕੇ ਨੰਬਰ ਇੱਕ ਸਥਾਨ ਹਾਸਲ ਕੀਤਾ ਹੈ। 1973 ਵਿੱਚ ਏਟੀਪੀ ਰੈਂਕਿੰਗ ਦੀ ਸ਼ੁਰੂਆਤ ਤੋਂ ਬਾਅਦ, ਅਲਕਾਰੇਜ਼ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਨੰਬਰ ਇੱਕ ਖਿਡਾਰੀ ਬਣ ਗਿਆ ਹੈ।