ਮੋਰਿੰਡਾ 9 ਸਤੰਬਰ ( ਭਟੋਆ )
ਕਸਬਾ ਬੇਲਾ ਵਿਖੇ ਗ੍ਰਾਮ ਪੰਚਾਇਤ ਵੱਲੋਂ ਗੁੱਗਾ ਜਾਹਰ ਬੀਰ ਦੀ ਯਾਦ ਵਿੱਚ ਨਗਰ ਨਿਵਾਸੀਆਂ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ । ਇਸ ਕੁਸ਼ਤੀ ਦੰਗਲ ਦਾ ਉਦਘਾਟਨ ਮਾਰਕਫੈਡ ਦੇ ਡਾਇਰੈਕਟਰ ਗਿਆਨ ਸਿੰਘ ਬੇਲਾ ਨੇ ਕੀਤਾ । ਸਰਪੰਚ ਲਖਵਿੰਦਰ ਸਿੰਘ ਭੂਰਾ ਨੇ ਦੱਸਿਆ ਕਿ ਕੁਸ਼ਤੀ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਪਹਿਲਵਾਨ ਜਤਿੰਦਰ ਪਥਰੇੜੀਆਂ ਨੇ ਪਹਿਲਵਾਨ ਰੋਹਿਤ ਹਰਿਆਣਾ ਨੂੰ ਚਿੱਤ ਕਰਕੇ ਜਿੱਤੀ । ਇਸ ਤੋਂ ਬਾਅਦ ਦੋ ਨੰਬਰ ਦੀ ਕੁਸ਼ਤੀ ਗੋਲਡੀ ਚਮਕੌਰ ਸਾਹਿਬ ਨੇ ਕਰਮਾ ਪਟਿਆਲਾ ਨੂੰ ਹਰਾ ਕੇ ਜਿੱਤੀ । ਇਸ ਤੋਂ ਇਲਾਵਾ ਸਪੈਸ਼ਲ ਕੁਸ਼ਤੀਆਂ ਦੌਰਾਰ ਸੋਨ ਤਗਮਾ ਜੇਤੂ ਬੇਲਾ ਕਾਲਜ ਦੇ ਵਿਦਿਆਰਥੀ ਗੁਰਜੀਤ ਮਗਰੋੜ ਅਤੇ ਦਿਲਜੀਤ ਜਟਾਣਾ ਵੀ ਜੇਤੂ ਰਹੇ । ਜਦੋਂ ਕਿ ਇਸ ਕੁਸ਼ਤੀ ਦੰਗਲ ਵਿੱਚ 80 ਦੇ ਕਰੀਬ ਹੋਰ ਪਹਿਲਵਾਨਾ ਨੇ ਆਪਣੇ ਜੌਹਰ ਵਿਖਾਏ । ਉਨ੍ਹਾਂ ਦੱਸਿਆ ਕਿ ਝੰਡੀ ਦੀ ਕੁਸ਼ਤੀ ਦਾ ਇਨਾਮ ਇੰਡੋਸਿਟੀ ਕਾਲੋਨੀ ਦੇ ਮਾਲਕ ਅਮਰਿੰਦਰ ਸਿੰਘ ਅਤੇ ਹਰਿੰਦਰ ਸਿੰਘ ਵੱਲੋਂ ਦਿੱਤਾ ਗਿਆ ਜਦੋਂ ਕਿ ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਵੱਲੋਂ ਵੀ ਇੱਕ ਲੱਖ ਰੁਪਏ ਦਾ ਸਹਿਯੋਗ ਦਿੱਤਾ ਗਿਆ । ਦੇਰ ਸਾਮ ਤੱਕ ਚੱਲੇ ਇਸ ਕੁਸ਼ਤੀ ਦੰਗਲ ਵਿੱਚ ਜੇਤੂ ਪਹਿਲਵਾਨਾਂ ਸਮੇਤ ਦੂਜੇ ਪਹਿਲਵਾਨਾਂ ਨੂੰ ਵੀ ਢੁੱਕਵੀਂ ਰਾਸੀ ਦੇ ਕੇ ਨਿਵਾਜਿਆ ਗਿਆ । ਕੁਸ਼ਤੀ ਦੰਗਲ ਤੋਂ ਪਹਿਲਾਂ ਸਵੇਰ ਸਮੇਂ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਪੰਜਾਬ ਵਿਜੇਤਾ ਰੀਨਾ ਨਾਫਰੀ ਨੇ ਜੁੱਗਣੀ ਸਮੇਤ ਹੋਰ ਗਾਣੇ ਸੁਣ ਕੇ ਕੀਤੀ । ਇਸ ਤੋਂ ਬਾਅਦ ਪ੍ਰਸਿੱਧ ਗਾਇਕ ਜੋੜੀ ਸੁਰਿੰਦਰ ਮਾਨ ਤੇ ਕਰਮਜੀਤ ਕੰਮੋ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਐਡਵੋਕੇਟ ਆਰ ਐਨ ਮੋਦਗਿੱਲ, ਰਮਨਦੀਪ ਸਿੰਘ, ਪੰਚ ਰਵਿੰਦਰ ਸਰਮਾ, ਸਰਪੰਚ ਅਮਰ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ, ਡਾ ਬਲਵਿੰਦਰ ਸਿੰਘ, ਸਮਿਤੀ ਮੈਂਬਰ ਜਸਵੀਰ ਸਿੰਘ ਅਤੇ ਜਸਵੰਤ ਸਿੰਘ ਆਦਿ ਹਾਜਰ ਸਨ ।