ਜਿਊਰਿਖ,9 ਸਤੰਬਰ,ਦੇਸ਼ ਕਲਿਕ ਬਿਊਰੋ:
ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਉਸ ਨੇ ਪਹਿਲੀ ਵਾਰ ਡਾਇਮੰਡ ਲੀਗ 'ਚ ਸੋਨ ਤਗਮਾ ਜਿੱਤਿਆ ਹੈ। ਉਹ ਜ਼ਿਊਰਿਖ ਵਿੱਚ ਹੋਏ ਡਾਇਮੰਡ ਲੀਗ ਫਾਈਨਲ ਵਿੱਚ 88.44 ਦੇ ਬ੍ਰੈਸਟ ਥਰੋਅ ਨਾਲ ਪਹਿਲੇ ਸਥਾਨ 'ਤੇ ਰਿਹਾ। ਇਸ ਤੋਂ ਪਹਿਲਾਂ ਨੀਰਜ ਨੇ 2017 ਅਤੇ 2018 ਵਿੱਚ ਵੀ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਉਹ 2017 ਵਿੱਚ ਸੱਤਵੇਂ ਅਤੇ 2018 ਵਿੱਚ ਚੌਥੇ ਸਥਾਨ ’ਤੇ ਸੀ।ਨੀਰਜ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸ ਦਾ ਪਹਿਲਾ ਥਰੋਅ ਫਾਊਲ ਸੀ। ਉਸ ਨੇ ਇਸ ਤੋਂ ਬਾਅਦ ਦੂਜੀ ਕੋਸ਼ਿਸ਼ 'ਚ 88.44 ਮੀਟਰ ਸੁੱਟ ਕੇ ਦੂਜੇ ਥਰੋਅਰਾਂ 'ਤੇ ਬੜ੍ਹਤ ਬਣਾ ਲਈ। ਉਸ ਨੇ ਤੀਜੀ ਕੋਸ਼ਿਸ਼ ਵਿੱਚ 88.00 ਮੀਟਰ, ਚੌਥੀ ਕੋਸ਼ਿਸ਼ ਵਿੱਚ 86.11 ਮੀਟਰ, ਪੰਜਵੀਂ ਕੋਸ਼ਿਸ਼ ਵਿੱਚ 87.00 ਮੀਟਰ ਅਤੇ ਛੇਵੀਂ ਕੋਸ਼ਿਸ਼ ਵਿੱਚ 83.60 ਮੀਟਰ ਥਰੋਅ ਕੀਤਾ।ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਜੁਲਾਈ-ਅਗਸਤ 'ਚ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਨਹੀਂ ਲਿਆ। ਹੁਣ ਉਸਨੇ ਵਾਪਸੀ ਕੀਤੀ ਅਤੇ ਡਾਇਮੰਡ ਲੀਗ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਭਾਰਤ ਦਾ ਇਕਲੌਤਾ ਖਿਡਾਰੀ ਬਣ ਗਿਆ। ਇਸ ਤੋਂ ਪਹਿਲਾਂ ਡਿਸਕਸ ਥਰੋਅ ਵਿੱਚ, ਵਿਕਾਸ ਗੌੜਾ ਡਾਇਮੰਡ ਲੀਗ ਦੇ ਸਿਖਰਲੇ ਤਿੰਨ ਵਿੱਚ ਪਹੁੰਚਣ ਵਾਲਾ ਇਕਲੌਤਾ ਭਾਰਤੀ ਬਣਿਆ ਸੀ। ਉਂਝ ਨੀਰਜ ਚੋਪੜਾ ਦੇ ਕਰੀਅਰ ਦਾ ਸਰਵੋਤਮ ਥਰੋਅ 89.94 ਮੀਟਰ ਹੈ। ਇਹ ਉਸਨੇ ਸਟਾਕਹੋਮ ਡਾਇਮੰਡ ਲੀਗ 2022 ਵਿੱਚ ਬਣਾਇਆ ਸੀ।