ਇੱਕ ਕੇਲਾ,ਇੱਕ ਸੇਬ ਅਤੇ ਇੱਕ ਦੁੱਧ ਦਾ ਪੈਕਟ ਹੈ ਪੂਰੀ ਰਿਫਰੈਸ਼ਮੈੰਟ
ਮੋਰਿੰਡਾ 6 ਸਤੰਬਰ ( ਭਟੋਆ)
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਰੋਪੜ ਜ਼ਿਲ੍ਹੇ ਦੇ ਪੰਜ ਵੱਖ ਵੱਖ ਬਲਾਕਾਂ ਦੇ ਵੱਖ ਵੱਖ ਸਕੂਲਾਂ ਦੇ 3250 ਖਿਡਾਰੀ ਬੜੇ ਜੋਸ਼ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕਰ ਰਹੇ ਹਨ ਅਤੇ ਖੇਡ ਮੈਦਾਨ ਵਿੱਚ ਆਪੋ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਖੇਡਾਂ ਨੂੰ ਸੁਚਾਰੂ ਰੂਪ ਵਿੱਚ ਕਰਵਾਉਣ ਲਈ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਆਪਣੇ ਪੱਤਰ ਨੰ: ਸਪੋਰਟਸ -ਸੱਸ1- ਡੀਏ4- 2022/8967-89 ਮਿਤੀ 31.08.2022 ਰਾਹੀ ਬਲਾਕ ਪੱਧਰ ਦੇ ਖਿਡਾਰੀਆਂ ਨੂੰ ਪ੍ਰਤੀ ਦਿਨ 40/ਰੁ: ਦੇ ਹਿਸਾਬ ਨਾਲ ਰਿਫਰੈਸਮੈਟ ਦੇਣ ਸਬੰਧੀ , ਟੈਂਟ , ਫੋਟੋਗ੍ਰਾਫੀ, ਗਰਾਉਡ ਦੀ ਤਿਆਰੀ, ਸਾਉਡ ਸਿਸਟਮ, ਬਾਵਰਾ ਅਤੇ ਲੋੜ ਅਨੁਸਾਰ ਜ਼ਰੂਰੀ ਸਮਾਨ ਅਤੇ ਫੁੱਟਕਲ ਖ਼ਰਚਿਆਂ ਲਈ 5,00,000 (ਪੰਜ ਲੱਖ)ਦੀ ਰਾਸ਼ੀ ਪ੍ਰਾਪਤ ਹੋਈ ਹੈ। ਇਹ ਰਾਸ਼ੀ 100000 ਪ੍ਰਤੀ ਬਲਾਕ ਦੇ ਹਿਸਾਬ ਨਾਲ ਮੋਰਿੰਡਾ, ਸ੍ਰੀ ਚਮਕੌਰ ਸਾਹਿਬ , ਸ੍ਰੀ ਆਨੰਦਪੁਰ ਸਾਹਿਬ ,ਰੂਪਨਗਰ ਅਤੇ ਨੂਰਪੁਰਬੇਦੀ ਪੰਜ ਬਲਾਕਾਂ ਵਿੱਚ ਖਰਚ ਕੀਤੀ ਜਾਣੀ ਹੈ। ਇਸ ਲਈ 1,00,000/- ਰੁਪਏ ਦੀ ਇਹ ਰਾਸ਼ੀ ਹਰ ਬਲਾਕ ਦੇ ਉਪ ਮੰਡਲ ਮਜਿਸਟ੍ਰੇਟ ਦੇ ਖਾਤਿਆਂ ਵਿੱਚ ਸਿੱਧੇ ਤੌਰ ਤੇ ਪਾ ਦਿੱਤੀ ਗਈ ਹੈ। ਜ਼ਿਲ੍ਹਾ ਸਪੋਰਟਸ ਅਫਸਰ ਰੂਪਨਗਰ ਵੱਲੋਂ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਲਈ ਬਕਾਇਦਾ ਰਿਫ਼ਰੈਸ਼ਮੈਂਟ ਚਾਰਟ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਹਰ ਖਿਡਾਰੀ ਨੂੰ ਰੋਜ਼ਾਨਾ 2 ਕੇਲੇ,2 ਸੇਬ ਅਤੇ ਇੱਕ ਦੁੱਧ ਦਾ ਪੈਕਟ ਦਿੱਤਾ ਜਾਣਾ ਨਿਸ਼ਚਿਤ ਕੀਤਾ ਗਿਆ ਹੈ।
ਮੋਰਿੰਡਾ ਦੇ ਆਰਮੀ ਖੇਡ ਮੈਦਾਨ ਵਿੱਚ ਚੱਲ ਰਹੀਆਂ ਇਨ੍ਹਾਂ ਖੇਡਾਂ ਵਿੱਚ ਵੱਖ ਵੱਖ ਸਕੂਲਾਂ ਦੇ 650 ਖਿਡਾਰੀ 2 ਸਤੰਬਰ ਤੋਂ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਆ ਰਹੇ ਹਨ, ਪਰੰਤੂ ਇਨ੍ਹਾਂ ਖਿਡਾਰੀਆਂ ਨੂੰ ਜਿਲ੍ਹਾ ਸਪੋਰਟਸ ਅਫਸਰ ਵੱਲੋਂ ਨਿਰਧਾਰਤ ਕੀਤੀ ਰਿਫਰੈਸ਼ਮੈਂਟ ਦੀ ਥਾਂ ਤੇ ਸਿਰਫ ਇੱਕ ਕੇਲਾ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ ਜਦਕਿ ਦੁਪਹਿਰ ਦਾ ਖਾਣਾ ਬਹੁਤੇ ਖਿਡਾਰੀ ਆਪਣੇ ਘਰਾਂ ਤੋਂ ਲਿਆ ਰਹੇ ਹਨ ਅਤੇ ਬਾਕੀਆਂ ਨੂੰ ਗੁਰੂ ਘਰ ਤੋਂ ਆਇਆ ਖਾਣਾ ਹੀ ਪ੍ਰੋਸਿਆ ਜਾ ਰਿਹਾ ਹੇੈ। ਇਸ ਸਬੰਧੀ ਖੇਡ ਮੈਦਾਨ ਵਿੱਚ ਮੌਜੂਦ . ਰਤਨਗੜ੍ਹ ਅਤੇ ਢੰਗਰਾਲੀ ਸਕੂਲ ਦੇ ਖਿਡਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ ਸੇਬ ਜਾਂ ਦੁੱਧ ਨਹੀਂ ਮਿਲਿਆ ।।
ਉੱਧਰ ਜਦੋਂ ਇਸ ਸਬੰਧੀ ਸ੍ਰੀ ਗੁਰਮੰਦਰ ਸਿੰਘ ਤਹਿਸੀਲਦਾਰ ਮੋਰਿੰਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਰੇ ਜਿਲ੍ਹੇ ਵਿੱਚ ਇੱਕੋ ਜਿਹੀ ਰਿਫਰੈਸਮੈਂਟ ਖਿਡਾਰੀਆਂ ਨੂੰ ਦਿੱਤੀ ਜਾ ਰਹੀ ਹੈ ਸਗੋਂ ਮੋਰਿੰਡਾ ਵਿੱਚ ਤਾਂ ਖਿਡਾਰੀਆਂ ਨੂੰ ਦਾਲ ਰੋਟੀ ਵੀ ਦਿੱਤੀ ਜਾ ਰਹੀ ਹੈ।