-ਸਿਹਤ ਮੰਤਰੀ ਵੱਲੋਂ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਹਰ ਪੰਜਾਬੀ ਨੂੰ ਸਹਿਯੋਗ ਦੇਣ ਦੀ ਅਪੀਲ
-ਨਸ਼ਿਆਂ ਦੀ ਲਤ ਦਾ ਸ਼ਿਕਾਰ ਵਿਅਕਤੀਆਂ ਦੇ ਇਲਾਜ ਲਈ ਰੈਡ ਕਰਾਸ ਸਾਕੇਤ ਹਸਪਤਾਲ ਵਿਖੇ ਨਵੀਆਂ ਸੇਵਾਵਾਂ ਦੀ ਸ਼ੁਰੂਆਤ
-25 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਤੇ ਅਪਗ੍ਰੇਡ ਮਗਰੋਂ ਰੈਡ ਕਰਾਸ ਦੇ ਸਾਕੇਤ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਦਾ ਲੋਕ ਅਰਪਣ
ਪਟਿਆਲਾ, 6 ਸਤੰਬਰ: ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਪ੍ਰਗਟਾਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨਾਂ ਦਾ ਮੁੜ ਵਸੇਬਾ ਕਰੇਗੀ।
ਜੌੜਾਮਾਜਰਾ ਅੱਜ ਪੰਜਾਬ ਸਾਕੇਤ ਹਸਪਤਾਲ ਪਟਿਆਲਾ ਵਿਖੇ ਸਥਿਤ ਰੈਡ ਕਰਾਸ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ (ਇੰਟੀਗ੍ਰੇਟਡ ਰਿਹੈਬਲੀਟੇਸ਼ਨ ਸੈਂਟਰ ਫਾਰ ਅਡਿਕਟਸ) ਦਾ 25 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਅਤੇ ਅਪਗ੍ਰੇਡ ਕਰਨ ਉਪਰੰਤ ਲੋਕ ਅਰਪਣ ਕਰਨ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਡਾ. ਬਲਬੀਰ ਸਿੰਘ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।
ਇਸ ਕੇਂਦਰ ਵਿਖੇ ਦਾਖਲ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਆਈ.ਸੀ.ਆਈ.ਸੀ. ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਆਧੁਨਿਕ ਸਕਿਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਇੱਕ ਵਿਸ਼ੇਸ਼ ਕਾਰਜ ਯੋਜਨਾ ਉਲੀਕੀ ਹੈ।
ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਅਪਣਾਈ ਜ਼ੀਰੋ ਟਾਲਰੈਂਸ ਦੀ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਜੌੜਾਮਾਜਰਾ ਨੇ ਕਿਹਾ ਕਿ ਕਿਸੇ ਕਾਰਨ ਨਸ਼ੇ ਦੀ ਲਤ ਦਾ ਸ਼ਿਕਾਰ ਨੌਜਵਾਨਾਂ ਨੂੰ ਦੋਸ਼ੀ ਨਾ ਮੰਨਕੇ ਉਨ੍ਹਾਂ ਦਾ ਮੁਫ਼ਤ ਇਲਾਜ ਅਤੇ ਹੁਨਰ ਵਿਕਾਸ ਨਾਲ ਮੁੜ ਵਸੇਬਾ ਕਰਵਾਉਣ ਤੋਂ ਇਲਾਵਾ ਨਸ਼ਿਆਂ ਦੇ ਵੱਡੇ ਤਸਕਰਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਰਿਹਾ ਹੈ।
ਨਸ਼ੇ ਮੁਕਤੀ ਲਈ ਇਲਾਜ ਲਈ ਰੈਡ ਕਰਾਸ ਸਾਕੇਤ ਹਸਪਤਾਲ ਵਿਖੇ ਦਾਖਲ ਵਿਅਕਤੀਆਂ ਨਾਲ ਮੁਲਾਕਾਤ ਕਰਕੇ ਇਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕਰਦਿਆਂ ਮੈਡੀਕਲ ਸਿੱਖਿਆ ਤੇ ਖੋਜ ਤੇ ਚੋਣਾਂ ਬਾਰੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਹਰ ਪੰਜਾਬੀ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਲਈ ਪੰਜਾਬ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇੱਥੇ ਦਾਖਲ ਨੌਜਵਾਨਾਂ ਨੂੰ ਦ੍ਰਿੜ ਇਰਾਦੇ ਨਾਲ ਨਸ਼ਿਆਂ ਤੋਂ ਛੁਟਕਾਰਾ ਪਾਕੇ ਇੱਕ ਖੁਸ਼ਹਾਲ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਲਈ ਵੀ ਪ੍ਰੇਰਣਾ ਦਿੱਤੀ।
ਸਿਹਤ ਮੰਤਰੀ ਨੇ ਜ਼ਿਲ੍ਹਾ ਨਸ਼ਾ ਛੁਡਾਊ ਤੇ ਪੁਨਰਵਾਸ ਸੁਸਾਇਟੀ ਦੇ ਪ੍ਰਧਾਨ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸ਼ਕ ਗੌਤਮ ਜੈਨ, ਡੀ.ਡੀ.ਐਫ਼ ਪ੍ਰਿਆ ਸਿੰਘ ਅਤੇ ਸਾਕੇਤ ਨਸ਼ਾ ਮੁਕਤੀ ਕੇਂਦਰ ਦੇ ਸਮੂਹ ਅਮਲੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਯਤਨਾਂ ਸਦਕਾ ਇਹ ਕੇਂਦਰ ਨਮੂਨੇ ਦਾ ਕੇਂਦਰ ਬਣ ਗਿਆ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ 30 ਬਿਸਤਰਿਆਂ ਵਾਲੇ ਇਸ ਸੈਂਟਰ ਵਿਖੇ ਇਸ ਵੇਲੇ 22 ਜਣੇ ਨਸ਼ਾ ਮੁਕਤੀ ਤੇ ਪੁਨਰਵਾਸ ਲਈ ਦਾਖਲ ਹਨ, ਜਿਨ੍ਹਾਂ ਨੂੰ 1 ਮਹੀਨੇ ਲਈ ਇੱਥੇ ਰੱਖਕੇ ਹਰ ਪੱਖੋਂ ਨਸ਼ਿਆਂ ਵਿਰੁੱਧ ਪ੍ਰੇਰਤ ਕਰਨ ਸਮੇਤ ਇਨ੍ਹਾਂ ਦਾ ਹੁਨਰ ਵਿਕਾਸ ਕਰਕੇ ਯੋਗਾ, ਖੇਡਾਂ, ਗਰੁੱਪ ਥੈਰੇਪੀ, ਜਿਮ, ਟੀ.ਵੀ. ਤੇ ਮੰਨੋਰੰਜਨ ਅਤੇ ਪਾਠ ਪੂਜਾ 'ਚ ਲਗਾ ਕੇ ਨਸ਼ਿਆਂ ਤੋਂ ਦੂਰ ਕੀਤਾ ਜਾਂਦਾ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕਰੀਬ 50 ਸਾਲ ਪੁਰਾਣੀ ਇਹ ਇਮਾਰਤ ਦੀ ਹਾਲਤ ਕਾਫ਼ੀ ਖਰਾਬ ਹੋ ਚੁੱਕੀ ਸੀ, ਜਿਸ ਦਾ 25 ਲੱਖ ਰੁਪਏ ਦੀ ਲਾਗਤ ਨਾਲ ਜੇ.ਐਸ.ਡਬਲਿਊ ਰਾਜਪੁਰਾ ਵੱਲੋਂ ਸੀ.ਐਸ.ਆਰ. ਫੰਡਾਂ ਨਾਲ ਇਸ ਦਾ ਨਵੀਨੀਕਰਨ ਕਰਵਾਇਆ ਗਿਆ ਹੈ। ਇਸ ਮੌਕੇ ਇਸ ਕੇਂਦਰ ਨੂੰ ਨਵਾਂ ਰੂਪ ਦੇਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਆਪ ਦੇ ਈਵੈਂਟ ਇੰਚਾਰਜ ਅੰਗਰੇਜ ਸਿੰਘ, ਰੈਡ ਕਰਾਸ ਪੰਜਾਬ ਦੇ ਉਪ ਸਕੱਤਰ ਹਰਬੰਸ ਸਿੰਘ ਭਗਾਣੀਆ, ਰੈਡ ਕਰਾਸ ਦੇ ਸਕੱਤਰ ਪ੍ਰਿਤਪਾਲ ਸਿੰਘ ਸਿੱਧੂ, ਫੀਲਡ ਅਫ਼ਸਰ ਅਮਰਜੀਤ ਸਿੰਘ, ਡਾ. ਸੁਮਿਤ ਸਿੰਘ, ਸਾਕੇਤ ਹਸਪਤਾਲ ਦੇ ਕਾਊਂਸਲਰ ਪੰਕਜ ਰਾਏ, ਅੰਮ੍ਰਿਤਪਾਲ ਸਿੰਘ, ਅਸ਼ੋਕ ਕੁਮਾਰ ਆਦਿ ਵੀ ਮੌਜੂਦ ਸਨ।