ਸਾਨੂੰ ਖਿਡਾਰੀਆਂ ਦਾ ਮਨੋਬਲ ਘਟਾਉਣ ਦੀ ਬਜਾਏ ਉਨ੍ਹਾਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ:ਢੀਂਡਸਾ
ਚੰਡੀਗੜ੍ਹ, 05 ਸਤੰਬਰ 2022: ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਾਰੇ ਸੋਸ਼ਲ ਮੀਡੀਆ `ਤੇ ਗਲਤ ਸ਼ਬਦਾਂ ਦੀ ਵਰਤੋਂ ਅਤੇ ਉਨ੍ਹਾਂ ਨੂੰ ਟ੍ਰੋਲ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਨੂੰ ਟ੍ਰੋਲ ਕਰਨ ਦੇ ਪਿੱਛੇ ਕਿਸੇ ਵੱਡੀ ਸਾਜਿਸ਼ ਦਾ ਹੱਥ ਹੈ। ਜਿਸ ਦੀ ਭਾਰਤ ਸਰਕਾਰ ਅਤੇ ਵਿਸ਼ੇਸ਼ ਤੌਰ `ਤੇ ਖੁਫੀਆ ਏਜੰਸੀਆਂ ਨੂੰ ਜਾਂਚ ਕਰਨੀ ਚਾਹੀਦੀ ਹੈ।
ਸ: ਢੀਂਡਸਾ ਨੇ ਕਿਹਾ ਕਿ ਅਰਸ਼ਦੀਪ ਸਿੰਘ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਭਾਰਤੀ ਕ੍ਰਿਕੇਟ ਟੀਮ ਵਿਚ ਆਪਣਾ ਸਥਾਨ ਬਣਾਇਆ ਹੈ ਅਤੇ ਖੇਡ ਵਿਚ ਕਦੇ-ਕਦਾਰ ਬਹੁਤ ਦਬਾਅ ਵਾਲੇ ਹਾਲਾਤ ਵਿਚ ਅਜਿਹੀਆਂ ਚੀਜ਼ਾ ਵਾਪਰ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਖਿਡਾਰੀਆਂ ਦਾ ਮਨੋਬਲ ਘਟਾਉਣ ਦੇ ਬਜਾਏ ਸਾਨੂੰ ਉਨ੍ਹਾਂ ਨੂੰ ਸਮਰਥਨ ਅਤੇ ਉਤਸਾਹਿਤ ਕਰਨਾ ਚਾਹੀਦਾ ਹੈ।
ਸ: ਢੀਂਡਸਾ ਨੇ ਕਿਹਾ ਕਿ ਅਰਸ਼ਦੀਪ ਸਿੰਘ ਕ੍ਰਿਕੇਟ ਜਗਤ ਦਾ ਉਭਰਦਾ ਸਿਤਾਰਾ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਹ ਭਵਿੱਖ ਵਿਚ ਦੇਸ਼ ਦੇ ਨਾਲ-ਨਾਲ ਪੰਜਾਬ ਦਾ ਨਾਂਅ ਪੂਰੇ ਵਿਸ਼ਵ ਵਿਚ ਰੋਸ਼ਨ ਕਰੇਗਾ ਅਤੇ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।