ਪੰਜਾਬ ਇੰਟਰਨੈਸ਼ਨਲ ਸਕੂਲ ਪਿੱਪਲ ਮਾਜਰਾ ਨੇ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੂੰ 3-1 ਦੇ ਫਰਕ ਨਾਲ ਹਰਾਇਆ
ਮੋਰਿੰਡਾ, 04 ਸਤੰਬਰ ( ਭਟੋਆ)
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਫੁਟਬਾਲ ਦਾ ਫਾਈਨਲ ਮੈਚ ਕਰਵਾਇਆ ਗਿਆ।
ਅੰਡਰ-17 ਲੜਕੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਡੱਲਾ ਅਤੇ ਪੰਜਾਬ ਇੰਟਨੈਸ਼ਨਲ ਸਕੂਲ ਪਿੱਪਲ ਮਾਜਰਾ ਵਿਚਕਾਰ ਮੈਚ ਖੇਡਿਆਂ ਗਿਆ ਜਿਸ ਵਿੱਚ ਪੰਜਾਬ ਇੰਟਰਨੈਸ਼ਨਲ ਸਕੂਲ ਪਿੱਪਲ ਮਾਜਰਾ ਨੇ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੂੰ 3-1 ਦੇ ਫਰਕ ਨਾਲ ਹਰਾਇਆ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ ਤੇ ਇਹਨਾਂ ਖੇਡਾਂ ਦੀ ਲੜੀ ਤਹਿਤ ਹੀ ਬਲਾਕ ਪੱਧਰ ਉੱਤੇ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਉਹਨਾਂ ਦੱਸਿਆ ਕਿ 07 ਸਤੰਬਰ ਤੱਕ ਬਲਾਕ ਪੱਧਰੀ ਮੁਕਾਬਲੇ ਹੋਣੇ ਹਨ। ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਿੜਨਗੇ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂ 10 ਅਕਤੂਰ ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਿਲਆਂ ਵਿੱਚ ਆਪਣੇ ਜੌਹਰ ਵਿਖਾਉਣਗੇ।
ਇਸ ਮੇਲੇ ਤਹਿਤ ਖੇਡਾਂ ਵੱਖ-ਵੱਖ ਕੈਟਾਗਰੀਆਂ ਤਹਿਤ ਕਰਵਾਈਆਂ ਜਾ ਰਹੀਆਂ ਹਨ। ਜਿਹਨਾਂ ਵਿੱਚ ਅੰਡਰ -14, ਅੰਡਰ -17 , ਅੰਡਰ-21, 21 ਤੋਂ ਲੈ ਕੇ 40 ਸਾਲ ਓਪਨ ਗਰੁੱਪ, 41 ਤੋਂ ਲੈ ਕੇ 50 ਸਾਲ ਤੱਕ ਓਪਨ ਗਰੁੱਪ ਅਤੇ 50 ਸਾਲ ਤੋਂ ਉੱਪਰ ਦੇ ਖਿਡਾਰੀ ਓਪਨ ਗਰੁੱਪ, ਸ਼ਾਮਲ ਹਨ।
ਬਲਾਕ ਪੱਧਰੀ ਖੇਡਾਂ ਵਿਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ- ਖੋ ਅਤੇ ਰੱਸਾ ਕਸ਼ੀ ਸ਼ਾਮਲ ਹਨ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਿਟਬਾਲ, ਪਾਵਰ ਲਿਫਟਿੰਗ, ਲਾਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਅਤੇ ਰਾਜ ਪੱਧਰੀ ਮੁਕਾਬਲਿਆਂ ਵਿਚ ਜ਼ਿਲ੍ਹਾ ਪੱਧਰ ਵਾਲੀਆਂ ਖੇਡਾਂ ਸਮੇਤ ਕਿਕ ਬਾਕਸਿੰਗ, ਤੀਰ ਅੰਦਾਜ਼ੀ, ਸ਼ੂਟਿੰਗ, ਸ਼ਤਰੰਜ, ਰੋਇੰਗ, ਜਿਮਨਾਸਟਿਕਸ, ਫੈਂਸਿੰਗ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ।
ਪਹਿਲਾਂ ਇਹਨਾਂ ਖੇਡਾਂ ਵਿਚ ਰਜਿਸਟ੍ਰੇਸ਼ਨ 30 ਅਗਸਤ ਤੱਕ ਸੀ। ਹੁਣ ਸਿਰਫ ਬਲਾਕ ਪੱਧਰ ਦੀਆਂ ਛੇ ਖੇਡਾਂ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ ਨੈਸ਼ਨਲ ਸਟਾਈਲ, ਖੋ ਖੋ ਤੇ ਰੱਸਾਕਸ਼ੀ ਨੂੰ ਛੱਡ ਕੇ ਬਾਕੀ ਖੇਡਾਂ ਦੇ ਜ਼ਿਲ੍ਹੇ ਤੇ ਸੂਬਾ ਪੱਧਰ ਦੇ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਦੀ ਤਰੀਕ 8 ਸਤੰਬਰ ਤੱਕ ਵਧਾਈ ਗਈ ਹੈ।
ਇਸ ਮੌਕੇ ਉਪ ਕਨਵੀਨਰ (ਫੁਟਬਾਲ) ਸ. ਜਸਵੰਤ ਸਿੰਘ ਜੰਡ, ਫੁਟਬਾਲ ਕੋਚ ਸ. ਸਤਨਾਮ ਸਿੰਘ, ਡੀ ਪੀ ਆਈ ਜਤਿੰਦਰ ਸਿੰਘ, ਜਗਦੀਪ ਸਿੰਘ ਜੱਗੀ, ਰਾਜਿੰਦਰ ਸਿੰਘ, ਇੰਦਰਜੀਤ ਸਿੰਘ, ਡੀ ਪੀ ਆਈ ਸੰਦੀਪ ਸਿੰਘ ਡੱਲਾ, ਦਰਸ਼ਨ ਸਿੰਘ ਅਤੇ ਸ. ਜਰਨੈਲ ਸਿੰਘ ਹਾਜ਼ਰ ਸਨ।