ਜ਼ਿਲ੍ਹਾ ਸਿਹਤ ਵਿਭਾਗ ਵਲੋਂ 'ਪੋਸ਼ਣ ਮਾਹ' ਤਹਿਤ ਸਰਗਰਮੀਆਂ ਜਾਰੀ
ਮੋਹਾਲੀ, 4 ਸਤੰਬਰ : ਦੇਸ਼ ਕਲਿੱਕ ਬਿਓਰੋ
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਵਲੋਂ 'ਪੋਸ਼ਣ ਮਾਹ' ਤਹਿਤ ਵੱਖ ਵੱਖ ਸਰਗਰਮੀਆਂ ਜਾਰੀ ਹਨl
ਸਿਵਲ ਸਰਜਨ ਨੇ ‘ਪੋਸ਼ਣ ਮਾਹ’ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਸਤੰਬਰ ਤੋਂ 30 ਸਤੰਬਰ ਤੱਕ ‘ਸਹੀ ਪੋਸ਼ਣ ਦੇਸ਼ ਰੋਸ਼ਨ’ ਦੇ ਨਾਅਰੇ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਦਾ ਉਦੇਸ਼ ਬੱਚਿਆਂ, ਕਿਸ਼ੋਰਾਂ, ਮਹਿਲਾਵਾਂ ਨੂੰ ਕੁਪੋਸ਼ਣ ਮੁਕਤ ਬਣਾ ਕੇ ਸਿਹਤਮੰਦ ਰਾਸ਼ਟਰ ਦੀ ਸਿਰਜਣਾ ਹੈ।
ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਪੋਸ਼ਣ ਅਭਿਆਨ ਅਧੀਨ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ। ਇਸ ਅਭਿਆਨ ਦਾ ਮੁੱਖ ਮਕਸਦ 0-6 ਸਾਲ ਦੇ ਬੱਚਿਆਂ, ਗਰਭਵਤੀ ਔਰਤਾਂ, ਬੱਚੇ ਪਾਲ ਰਹੀਆਂ ਮਾਂਵਾਂ ਅਤੇ ਕਿਸ਼ੋਰੀਆਂ ਵਿੱਚ ਕੁਪੋਸ਼ਣ ਦੀ ਸਮੱਸਿਆਂ ਨੂੰ ਦੂਰ ਕਰਨਾ ਅਤੇ ਸਿਹਤ ਪੱਧਰ ਨੂੰ ਉੱਚਾ ਚੁੱਕਣਾ ਹੈ। ਇਸ ਅਭਿਆਨ ਦੇ ਮੁੱਖ ਟੀਚੇ 0-6 ਸਾਲ ਵਾਲੇ ,ਘੱਟ ਵਜਨ ਵਾਲੇ ਬੱਚਿਆਂ ਦਾ ਅੰਕੜਾ 2 ਫੀਸਦੀ ਸਾਲਾਨਾ ਘਟਾ ਕੇ 6 ਫੀਸਦੀ ’ਤੇ ਲਿਆਉਣਾ, 6 ਤੋ 59 ਮਹੀਨੇ ਦੇ ਬੱਚਿਆਂ ਵਿੱਚ ਅਨੀਮੀਆ ਹਰ ਸਾਲ 3 ਫੀਸਦੀ ਘਟਾਉਣਾ, 5 ਤੋਂ 49 ਸਾਲ ਦੇ ਵਿਚਕਾਰ ਦੀਆਂ ਕਿਸ਼ੋਰ ਲੜਕੀਆਂ ਅਤੇ ਔਰਤਾਂ ਵਿੱਚ ਅਨੀਮੀਆ ਦੀ ਦਰ ਹਰ ਸਾਲ 3 ਫੀਸਦੀ ਨਾਲ ਘਟਾਉਣਾ, ਘੱਟ ਵਜ਼ਨ ਵਾਲੇ ਬੱਚਿਆਂ ਦਾ ਅੰਕੜਾ ਹਰ ਸਾਲ 2 ਫੀਸਦੀ ਦੀ ਦਰ ਨਾਲ ਘਟਾਉਣਾ ਹੈ।
ਉਨ੍ਹਾਂ ਦੱਸਿਆ ਕਿ ਪੋਸ਼ਣ ਮਾਹ ਦੌਰਾਨ ਜ਼ਿਲ੍ਹੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਸਮੁਦਾਇਕ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਪੋਸ਼ਟਿਕ ਖੁਰਾਕ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਮੋਬਾਇਲ ਹੈਲਥ ਟੀਮਾਂ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਵੱਖ- ਵੱਖ ਗਤੀਵਿਧੀਆਂ ਜਿਵੇਂ ਬੱਚਿਆਂ ਦੀ ਸਿਹਤ/ਅਨੀਮੀਆ ਦੀ ਜਾਂਚ ਕਰਨ ਲਈ ਸਕਰੀਨਿੰਗ ਕੈਂਪ ਲਗਾਉਣ, ਜੀਵਨਸ਼ੈਲੀ ਨਾਲ ਸਬੰਧਤ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਹੱਥ ਧੋਣ ਦਾ ਸਹੀ ਤਰੀਕਾ, ਸਾਫ -ਸਫਾਈ, ਕਿਸ਼ੋਰੀਆਂ ਲਈ ਸਵੱਸਥ ਮਾਂਹਵਾਰੀ ਪ੍ਰਬੰਧਨ ਦੇ ਤਰੀਕੇ, ਘਰਾਂ ਵਿਚ ਯੋਗਾ ਆਸਣ ਕਰਨ, ਸੰਤੁਲਿਤ ਪੋਸ਼ਟਿਕ ਭੋਜਨ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬੱਚੇ ਦੇ ਜਨਮ ਦੇ ਪਹਿਲੇ ਇੱਕ ਹਜ਼ਾਰ ਦਿਨ ਦੀ ਮਹੱਤਤਾ ਬਾਰੇ ਵੀ ਦੱਸਿਆ ਜਾ ਰਿਹਾ ਹੈ ਜੋ ਕਿ ਬੱਚੇ ਦੇ ਬਿਹਤਰ ਸਰੀਰਿਕ ਅਤੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਤਾ ਪਾਉਂਦੇ ਹਨ। ਇਸ ਦੇ ਨਾਲ ਹੀ ਗਰਭਵਤੀ ਮਾਵਾਂ ਨੂੰ ਕੁਪੋਸ਼ਣ ਅਤੇ ਅਨੀਮੀਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਗਰਭਵਤੀ ਔਰਤਾਂ ਨੂੰ ਗਰਭ ਦੌਰਾਨ ਟੀ.ਟੀ. ਟੀਕਾਕਰਨ, ਆਇਰਨ-ਫ਼ੋਲਿਕਐਸਿਡ ਦੀਆਂ ਗੋਲੀਆਂ ਅਤੇ ਸੰਤੁਲਿਤ ਭੋਜਨ ਲੈਣਾ ਬਹੁਤ ਜ਼ਰੂਰੀ ਹੈ। ਇੱਕ ਸਿਹਤਮੰਦ ਸਮਾਜ ਦੀ ਸਿਰਜਨਾ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਗਰਭਵਤੀ ਮਾਂ ਅਤੇ ਬੱਚੇ ਦੀ ਸਿਹਤ ਤੇ ਖੁਰਾਕ ਦਾ ਗਰਭ ਧਾਰਨ ਦੇ ਸ਼ੁਰੂ ਤੋਂ ਹੀ ਧਿਆਨ ਰੱਖਿਆ ਜਾਵੇ।