ਉਪ ਵੈਦ ਤੇ ਮਲਟੀਪਰਪਜ਼ ਹੈੱਲਥ ਵਰਕਰਾਂ ਦੀ ਭਰਤੀ ਦੀ ਕੀਤੀ ਮੰਗ
ਦਲਜੀਤ ਕੌਰ ਭਵਾਨੀਗੜ੍ਹ
ਸਮਾਣਾ, 4 ਸਤੰਬਰ, 2022: ਸਿਹਤ ਵਿਭਾਗ ਵਿੱਚ ਉਮਰ ਹੱਦ ਛੋਟ ਸਮੇਤ ਭਰਤੀ ਦੀ ਮੰਗ ਕਰਦੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਅਤੇ ਬੇਰੁਜ਼ਗਾਰ ਉਪ ਵੈਦ ਯੂਨੀਅਨ ਨੇ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਬੱਸ ਸਟੈਂਡ ਤੱਕ ਅਤੇ ਵਾਪਸੀ ਬਾਜ਼ਾਰ ਵਿੱਚੋ ਦੀ ਮਾਰਚ ਕਰਕੇ ਮੁੜ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿੱਚ ਜਾਮ ਲਗਾਇਆ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਜਸਪ੍ਰੀਤ ਸਿੰਘ ਜਲਾਲਾਬਾਦ ਨੇ ਕਿਹਾ ਕਿ ਦੋਵੇਂ ਬੇਰੁਜ਼ਗਾਰ ਜਥੇਬੰਦੀਆਂ ਦੀ ਮੰਗ ਹੈ ਕਿ ਸਿਹਤ ਵਿਭਾਗ ਵਿੱਚ ਉਪ ਵੈਦ ਅਤੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੂੰ ਉਮਰ ਹੱਦ ਵਿਚ 5 ਸਾਲ ਦੀ ਛੋਟ ਦੇ ਕੇ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।(MOREPIC1)
ਬੇਰੁਜ਼ਗਾਰਾਂ ਨੇ ਕੜਾਕੇ ਦੀ ਗਰਮੀ ਵਿਚ ਜਿਉਂ ਹੀ ਮਾਰਚ ਸ਼ੁਰੂ ਕੀਤਾ ਤਾਂ ਪ੍ਰਸ਼ਾਸ਼ਨ ਨੂੰ ਭਾਜੜ ਪੈ ਗਈ। ਸਿਹਤ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਖਿਲਾਫ਼ ਨਾਅਰੇਬਾਜ਼ੀ ਕਰਦੇ ਬੇਰੁਜ਼ਗਾਰ ਅਚਾਨਕ ਆਕੇ ਚੌਂਕ ਵਿਚ ਬੈਠ ਗਏ, ਜਿੱਥੇ ਪ੍ਰਸ਼ਾਸ਼ਨ ਨੂੰ ਆਵਾਜਾਈ ਲਈ ਬਦਲਵੇਂ ਪ੍ਰਬੰਧ ਕਰਨੇ ਪਏ।
ਬੇਰੁਜ਼ਗਾਰਾਂ ਨੇ ਕਿਹਾ ਕਿ ਉਪਵੈਦ ਦੀਆਂ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ, ਪ੍ਰੰਤੂ ਸਰਕਾਰ ਭਰਤੀ ਤੋ ਟਾਲਾ ਵੱਟ ਰਹੀ ਹੈ। ਪੰਜਾਬ ਅੰਦਰ ਪ੍ਰਵਾਨਿਤ 559 ਅਸਾਮੀਆਂ ਵਿੱਚੋ 350 ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ 2015 'ਚ ਅਕਾਲੀ ਭਾਜਪਾ ਸਰਕਾਰ ਨੇ ਕੁੱਝ ਅਸਾਮੀਆਂ ਭਰੀਆਂ ਸਨ ਪ੍ਰੰਤੂ ਉਦੋਂ ਬੀ ਏ ਐੱਮ ਐੱਸ ਨੂੰ ਭਰਤੀ ਕਰਕੇ ਮੁੱਢਲੀ ਯੋਗਤਾ ਰੱਖਦੇ ਉਪ ਵੈਦਾਂ ਨਾਲ ਧੱਕਾ ਕੀਤਾ ਗਿਆ ਸੀ।
ਇਸੇ ਤਰ੍ਹਾਂ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਦੀ ਮੰਗ ਸੀ ਕਿ ਸਿਹਤ ਵਿਭਾਗ ਵਿੱਚ 5 ਹਜ਼ਾਰ ਦੀ ਆਬਾਦੀ ਪਿੱਛੇ ਇਕ ਵਰਕਰ ਪੁਰਸ਼ ਅਤੇ ਮਹਿਲਾ ਦੀ ਨਿਯੁਕਤੀ ਹੋਣੀ ਬਣਦੀ ਹੈ। ਇਸ ਤਰਾਂ ਪੰਜਾਬ ਅੰਦਰ ਆਬਾਦੀ ਅਨੁਸਾਰ 6 ਹਜ਼ਾਰ ਅਸਾਮੀਆਂ ਸੈਕਸ਼ਨ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪਹਿਲਾਂ ਤੋਂ ਪ੍ਰਵਾਨਤ 2900 ਕਰੀਬ ਅਸਾਮੀਆਂ ਵਿੱਚੋਂ ਵੀ 1000 ਦੇ ਕਰੀਬ ਖਾਲੀ ਪਈਆਂ ਹਨ। ਉੱਧਰ ਹੈਲਥ ਵਰਕਰ ਦਾ ਕੋਰਸ ਪਾਸ ਬੇਰੁਜ਼ਗਾਰ ਲਗਾਤਾਰ ਓਵਰਏਜ ਹੋ ਰਹੇ ਹਨ, ਜਦਕਿ ਵਰਕਰ ਦਾ ਕੋਰਸ ਕਰਵਾਉਣ ਵਾਲੀਆਂ ਸਾਰੀਆਂ ਸੰਸਥਾਵਾਂ 2014 ਤੋਂ ਬੰਦ ਹੋ ਚੁੱਕੀਆਂ ਹਨ।
ਬੇਰੁਜ਼ਗਾਰਾਂ ਵੱਲੋ ਸਾਂਝੇ ਤੌਰ ਤੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੋਇਆ ਦੀ।ਪ੍ਰੰਤੂ ਪ੍ਰਸ਼ਾਸ਼ਨ ਵੱਲੋ ਪਹੁੰਚੇ ਡਿਊਟੀ ਮੈਜਿਸਟਰੇਟ ਨੇ 6 ਸਤੰਬਰ ਨੂੰ ਸਿਹਤ ਮੰਤਰੀ ਸ੍ਰ ਚੇਤਨ ਸਿੰਘ ਜੌੜ ਮਾਜਰਾ ਨਾਲ ਪੈਨਲ ਮੀਟਿੰਗ ਦਾ ਪੱਤਰ ਦੇ ਕੇ ਧਰਨਾ ਖਤਮ ਕਰਵਾ ਦਿੱਤਾ, ਪ੍ਰੰਤੂ ਬੇਰੁਜ਼ਗਾਰਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਮੀਟਿੰਗ ਲਾਰਾ ਸਾਬਤ ਹੋ ਸਕਦੀ ਹੈ ਇਸ ਲਈ ਮੁੜ 11 ਸਤੰਬਰ ਨੂੰ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਜਸਵਿੰਦਰ ਸਿੰਘ ਹਿੰਮਤਪੁਰਾ, ਸੁਰਿੰਦਰ ਕੁਮਾਰ, ਜਸਵਿੰਦਰ ਸਿੰਘ ਕੋਟਧਰਮੂ, ਸਖਦੇਵ ਸਿੰਘ ਜਲਾਲਾਬਾਦ, ਰਵਿੰਦਰ ਸਿੰਘ ਅਜ਼ਨਾਲਾ, ਲੱਖਾ ਜੋਗਾ, ਤਰਲੋਚਨ ਨਾਗਰਾ, ਹਰਵਿੰਦਰ ਸਿੰਘ ਥੂਹੀ, ਹੀਰਾ ਲਾਲ, ਅਮਨ ਬਾਜੇਕੇ, ਗੁਰਪ੍ਰੀਤ ਸਿੰਘ, ਸਵਰਨ ਸਿੰਘ, ਬਲਵਿੰਦਰ ਸਿੰਘ, ਇਕਬਾਲ ਸਿੰਘ, ਬਲਦੇਵ ਸਿੰਘ, ਬਿਕਰਮਜੀਤ ਸਿੰਘ, ਨਾਹਰ ਸਿੰਘ ਝਨੇੜੀ, ਸੋਨੂੰ, ਹਰੀਸ਼ ਕਬੋਜ, ਬਲਜੀਤ ਕੌਰ, ਮਮਤਾ ਕੰਬੋਜ, ਸੁਖਵੰਤ ਕੌਰ, ਗੁਰਪਾਲ ਕੋਰ, ਕੰਵਲਜੀਤ ਕੌਰ ਆਦਿ ਹਾਜ਼ਰ ਸਨ।