ਚੰਡੀਗੜ੍ਹ,1 ਸਤੰਬਰ,ਦੇਸ਼ ਕਲਿਕ ਬਿਊਰੋ:
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ 'ਚ ਖੇਡ ਮੇਲਿਆਂ ਦੀ ਸ਼ੁਰੂਆਤ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਕਰਵਾਈ ਸੀ। ਪਰ ਸੂਬੇ ਵਿੱਚ ਅੱਜ ਤੋਂ ਉਪ ਮੰਡਲ ਪੱਧਰ ’ਤੇ ਖੇਡ ਮੇਲੇ ਸ਼ੁਰੂ ਹੋ ਜਾਣਗੇ। ਪਿੰਡ ਪੱਧਰ ਦੀਆਂ ਖੇਡਾਂ ਪੰਜਾਬ ਭਰ ਵਿੱਚ ਸਬ-ਡਵੀਜ਼ਨ ਪੱਧਰ 'ਤੇ ਵੱਖ-ਵੱਖ ਖੇਡ ਸਟੇਡੀਅਮਾਂ ਵਿੱਚ ਕਰਵਾਈਆਂ ਜਾਣਗੀਆਂ। ਸਬ-ਡਵੀਜ਼ਨ ਪੱਧਰ 'ਤੇ ਖੇਡਾਂ 7 ਸਤੰਬਰ ਤੱਕ ਜਾਰੀ ਰਹਿਣਗੀਆਂ।ਖਿਡਾਰੀ ਸਬ-ਡਵੀਜ਼ਨ, ਜ਼ਿਲ੍ਹਾ ਅਤੇ ਰਾਜ ਦੇ ਤਿੰਨ ਪੱਧਰਾਂ ’ਤੇ ਹੋਣ ਵਾਲੇ ਇਨ੍ਹਾਂ ਖੇਡ ਮੇਲਿਆਂ ਵਿੱਚ 28 ਤਰ੍ਹਾਂ ਦੀਆਂ ਖੇਡਾਂ ਵਿੱਚ ਭਾਗ ਲੈਣਗੇ। ਸਰਕਾਰ ਨੇ ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਹੋਣ ਵਾਲੇ ਖੇਡ ਮੇਲਿਆਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਸਹੂਲਤ ਲਈ ਰਜਿਸਟ੍ਰੇਸ਼ਨ ਦੀ ਮਿਤੀ 8 ਸਤੰਬਰ ਤੱਕ ਵਧਾ ਦਿੱਤੀ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਹ ਫੈਸਲਾ ਖੇਡ ਮੇਲੇ ਵਿੱਚ ਰਜਿਸਟ੍ਰੇਸ਼ਨ ਤੋਂ ਵਾਂਝੇ ਰਹਿ ਚੁੱਕੇ ਖਿਡਾਰੀਆਂ ਦੀ ਮੰਗ ’ਤੇ ਲਿਆ ਗਿਆ ਹੈ।8 ਸਤੰਬਰ ਤੱਕ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਖੇਡਣ ਵਾਲੇ ਖਿਡਾਰੀਆਂ ਜਾਂ ਟੀਮਾਂ ਦੀ ਹੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 25 ਅਗਸਤ ਤੈਅ ਕੀਤੀ ਸੀ। ਪਰ ਐਂਟਰੀਆਂ ਨੂੰ ਦੇਖਦੇ ਹੋਏ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਅਗਸਤ ਤੱਕ ਵਧਾ ਦਿੱਤੀ ਗਈ ਸੀ। ਪਰ ਹੁਣ ਰਜਿਸਟ੍ਰੇਸ਼ਨ ਦੀ ਤਰੀਕ ਫਿਰ ਵਧਾ ਦਿੱਤੀ ਗਈ ਹੈ।