ਪਟਿਆਲਾ, 31 ਅਗਸਤ: ਦੇਸ਼ ਕਲਿੱਕ ਬਿਓਰੋ
'ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ' ਵਿਖੇ ਉਪ ਕੁਲਪਤੀ ਲੈਫ਼ਟੀਨੈਂਟ ਜਨਰਲ, (ਡਾ.) ਜੇ.ਐਸ. ਚੀਮਾ ਦੀ ਅਗਵਾਈ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।
ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਰਾਸ਼ਟਰੀ ਖੇਡ ਦਿਵਸ ਮੌਕੇ ਕਰਵਾਈਆਂ ਗਈਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ ਨੇ ਦੱਸਿਆ ਕਿ ਖੇਡ ਦਿਵਸ ਮੌਕੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਤੇ ਸਪੋਰਟਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ਉਤੇ ਪੈਦਲ ਮਾਰਚ ਕੀਤਾ ਗਿਆ ਅਤੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਕਾਸ਼ਵਾਣੀ ਪਟਿਆਲਾ ਉੱਤੇ ਆਪਣੇ ਖੇਡ ਅਨੁਭਵਾਂ ਅਤੇ ਸੁਪਨਿਆਂ ਨੂੰ ਸਾਂਝਾ ਕੀਤਾ।
ਉਨ੍ਹਾਂ ਦੱਸਿਆ ਕਿ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿਖੇ ਖੇਡਾਂ ਨਾਲ ਸਬੰਧਿਤ ਸਵਾਲਾਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ ਅਤੇ ਦੂਸਰੇ ਸਮਾਨੰਤਰ ਸੈਸ਼ਨ ਵਿੱਚ ਡੈਕਲੇਮੈਸ਼ਨ ਦੇ ਮੁਕਾਬਲੇ ਆਯੋਜਿਤ ਕੀਤੇ ਗਏ, ਜਿਸ ਦੇ ਤਹਿਤ ਵਿਦਿਆਰਥੀਆਂ ਨੇ ਖੇਡਾਂ ਅਤੇ ਲੀਡਰਸ਼ਿਪ, ਖੇਡਾਂ ਅਤੇ ਔਰਤਾਂ, ਖੇਡਾਂ ਵਿੱਚ ਰੁਜ਼ਗਾਰ ਦੇ ਮੌਕੇ, ਖੇਡਾਂ ਵਿੱਚ ਖੇਡ ਵਿਗਿਆਨ ਦਾ ਯੋਗਦਾਨ ਆਦਿ ਵਿਸ਼ਿਆਂ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ।
ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਸਾਰੇ ਐਫੀਲੀਏਟਿਡ ਅਤੇ ਕਾਂਸਟੀਚਿਊਟ ਕਾਲਜਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀਆਂ ਨੇ ਆਨਲਾਈਨ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਲੈਫ਼ਟੀਨੈਂਟ ਜਨਰਲ, (ਡਾ.) ਜੇ.ਐਸ. ਚੀਮਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਰਾਸ਼ਟਰੀ ਖੇਡ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਇਸ ਮੌਕੇ ਉੱਤੇ ਡਾ. ਸਨੇਹ ਲਤਾ, ਡਾ. ਸੋਨੀਆ ਸੈਣੀ, ਡਾ. ਚਾਰੂ ਸ਼ਰਮਾ, ਡਾ. ਮਨਪ੍ਰੀਤ ਮਹਿਨਾਜ, ਡਾ. ਸਨਮਾਨ ਕੌਰ, ਡਾ. ਹਰਜੋਤ ਕੌਰ, ਡਾ. ਮਾਧਵੀ ਤਿਵਾੜੀ, ਕੋਚ ਜਗਦੇਵ ਕੁਮਾਰ, ਕੋਚ ਹਰਦੀਪ ਸਿੰਘ, ਕੋਚ ਤਲਵਿੰਦਰ ਸਿੰਘ ਸ਼ਾਹੀ, ਡਾ. ਪਰਮਿੰਦਰ ਸਿੰਘ, ਡਾ. ਸੁਖਵੀਰ ਕੌਰ, ਸ਼੍ਰੀਮਤੀ ਰਾਜਵਿੰਦਰ ਕੌਰ, ਸ਼੍ਰੀਮਤੀ ਸਿਮਰਤ ਜੋਸ਼ਨ, ਸ਼੍ਰੀ ਸਾਹਿਲ ਅਤੇ ਸ਼੍ਰੀ ਅਜੇਪਾਲ ਆਦਿ ਅਧਿਆਪਕ ਮੌਜੂਦ ਸਨ। ਵਿਦਿਆਰਥੀਆਂ ਨੇ ਵੱਖ ਵੱਖ ਸਮਾਗਮਾਂ ਵਿੱਚ ਬੜੇ ਜੋਸ਼ ਨਾਲ ਭਾਗ ਲਿਆ।