ਅੱਖਾਂ ਦਾਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾ ਰਿਹਾ ਹੈ ਪੰਦਰਵਾੜਾ
ਦਲਜੀਤ ਕੌਰ ਭਵਾਨੀਗੜ੍ਹ
ਕੌਹਰੀਆਂ/ਸੰਗਰੂਰ, 25 ਅਗਸਤ, 2022: ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਖਾਂ ਦਾਨ ਕਰਨ ਸੰਬੰਧੀ ਮਨਾਏ ਜਾ ਰਹੇ ਪੰਦਰਵਾੜੇ ਤਹਿਤ ਵੱਖ ਵੱਖ ਥਾਵਾਂ ‘ਤੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦਾ ਉਦੇਸ਼ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਅੱਖਾਂ ਤੋਂ ਵਾਂਝੇ ਲੋਕਾਂ ਦੀਆ ਹਨੇਰੀਆਂ ਜ਼ਿੰਦਗੀਆਂ ਨੂੰ ਰੁਸ਼ਨਾਇਆ ਜਾ ਸਕੇ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਕੌਹਰੀਆਂ ਡਾ. ਰਾਕੇਸ਼ ਕੁਮਾਰ ਨੇ ਦਿੱਤੀ।
ਪੀ. ਐੱਚ. ਸੀ. ਕੌਹਰੀਆਂ ਵਿਖੇ ਆਸ਼ਾ ਨਾਲ ਮੀਟਿੰਗ ਦੌਰਾਨ ਆਪਥਾਲਮਿਕ ਅਫਸਰ ਮੁਕੰਦ ਸਿੰਘ ਅਤੇ ਬਲਾਕ ਐਜੂਕੇਟਰ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ 25 ਅਗਸਤ ਤੋਂ 8 ਸਤੰਬਰ 2022 ਤੱਕ ਪੰਜਾਬ ਸਰਕਾਰ ਵੱਲੋਂ ਅੱਖਾਂ ਦਾਨ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਅੰਦਰ 15 ਮਿਲੀਅਨ ਲੋਕਾਂ ਨੂੰ ਅੱਖਾਂ ਦੀ ਲੋੜ ਹੈ ਜੋ ਕਿ ਕਿਸੇ ਹਾਦਸੇ ਕਾਰਨ ਜਾਂ ਬਚਪਨ ਸਮੇਂ ਅੰਨੇਪਣ ਦਾ ਸ਼ਿਕਾਰ ਹਨ। ਦਿਨ-ਬ-ਦਿਨ ਅੱਖਾਂ ਦੀ ਘਾਟ ਕਾਰਨ ਇਨ੍ਹਾਂ ਵਿਚ ਹੋਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਘਾਟਾ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ, ਜੇਕਰ ਅਸੀਂ ਅੱਖਾਂ ਦਾਨ ਕਰਨ ਦਾ ਇਹ ਸੁਨੇਹਾ ਘਰ-ਘਰ ਤੱਕ ਪਹੁੰਚਾਈਏ। ਅਸੀਂ ਖੁਦ ਵੀ ਅੱਖਾਂ ਦਾਨ ਕਰੀਏ ਅਤੇ ਜਨ ਸਮੂਹ ਨੂੰ ਵੀ ਇਸ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰੀਏ।
ਉਨ੍ਹਾਂ ਕਿਹਾ ਕਿ ਕਿਸੇ ਵੀ ਉਮਰ ਵਿਚ ਅੱਖਾਂ ਦਾਨ ਕੀਤੀਆ ਜਾ ਸਕਦੀਆਂ ਹਨ। ਜੇਕਰ ਆਦਮੀ ਦੇ ਦੂਰ ਦੀ ਐਨਕ ਲੱਗੀ ਹੋਵੇ, ਲੈੰਨਜ਼ ਪਾਇਆ ਹੋਵੇ ਤਾਂ ਵੀ ਉਹ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ। ਕੇਵਲ ਕੈਂਸਰ, ਏਡਜ਼ ਅਤੇ ਦਿਮਾਗੀ ਬੁਖਾਰ ਦੇ ਵਿੱਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ।
ਇਸ ਮੌਕੇ ਬਹਾਦਰ ਸਿੰਘ ਰੇਡੀਓਗ੍ਰਾਫਰ, ਬਲਜਿੰਦਰ ਕੌਰ ਮਲਟੀਪਰਪਜ ਸੁਪਰਵਾਈਜ਼ਰ, ਵੀਰ ਸਿੰਘ, ਸ਼ਮਸ਼ੇਰ ਸਿੰਘ ਹਾਜ਼ਰ ਸਨ।