ਮੋਰਿੰਡਾ 25 ਅਗਸਤ ( ਭਟੋਆ )
ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਖਾਂ ਦੇ ਪੰਦਰਵਾੜੇ ਨੂੰ ਲੈਕੇ ਡਾ ਪਰਮਿੰਦਰ ਕੁਮਾਰ ਸੀਐੱਮਓ ਵੱਲੋਂ ਜਾਰੀ ਹਦਾਇਤਾਂ ਤਹਿਤ ਅਤੇ ਐਸਐਮਓ ਡਾ: ਨਰਿੰਦਰ ਕੁਮਾਰ ਦੇ ਸਹਿਯੋਗ ਨਾਲ ਮੋਰਿੰਡਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਅੱਖਾਂ ਦੇ ਦਾਨ ਲਈ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਹ ਪੰਦਰਵਾੜਾ 07 ਸਤੰਬਰ ਤੱਕ ਜਾਰੀ ਰਹੇਗਾ ।
ਇਸ ਸੈਮੀਨਾਰ ਦੌਰਾਨ ਸ੍ਰੀ ਜਰਨੈਲ ਸਿੰਘ ਅਪਥਾਲਮਿਕ ਅਫਸਰ ਮੋਰਿੰਡਾ ਨੇ ਮਰੀਜ਼ਾਂ ਅਤੇ ਆਮ ਜਨਤਾ ਨੂੰ ਅੱਖਾਂ ਦਾਨ ਕਰਨ ਸਬੰਧੀ ਜਾਣਕਾਰੀ ਦਿੱਤੀ ਅਤੇ ਲੋਕਾਂ ਵਿੱਚ ਪਾਏ ਜਾਂਦੇ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਅੱਖਾਂ ਦਾਨ ਕਰਨ ਵਾਲਿਆਂ ਅਤੇ ਅੱਖਾਂ ਲੈਣ ਵਾਲਿਆਂ ਵਿਚਲੇ ਅੰਤਰ ਨੂੰ ਘਟਾਇਆ ਜਾ ਸਕੇ । ਉਨ੍ਹਾਂ ਦੱਸਿਆ ਕਿ ਮਰਨ ਤੋਂ ਬਾਅਦ ਅੱਖਾਂ ਜਲ ਕੇ ਰਾਖ ਹੋ ਜਾਂਦੀਆਂ ਹਨ , ਪ੍ਰੰਤੂ ਸਮਝਦਾਰੀ ਨਾਲ ਅਸੀਂ ਇਨ੍ਹਾਂ ਜਿਊਂਦੀਆਂ ਅੱਖਾਂ ਨੂੰ ਰਾਖ ਕਰਨ ਦੀ ਬਜਾਏ ਕਿਸੇ ਲੋੜਵੰਦ ਨੂੰ ਦਾਨ ਕਰ ਕੇ ਨਵੀਂ ਜ਼ਿੰਦਗੀ ਦੇ ਸਕਦੇ ਹਾਂ । ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਅੱਖਾਂ ਦਾਨ ਕਰਕੇ ਦੋ ਵਿਅਕਤੀਆਂ ਨੂੰ ਜਗਤ ਦਿਖਾ ਸਕਦਾ ਹੈ ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਵਿਅਕਤੀ ਨੂੰ ਬਲੱਡ ਪ੍ਰੈਸ਼ਰ, ਸ਼ੂਗਰ ਹੋਵੇ , ਜਾਂ ਜਿਸ ਦੇ ਐਨਕਾਂ ਲੱਗੀਆਂ ਹੋਣ , ਉਹ ਵੀ ਅੱਖਾਂ ਦਾਨ ਕਰ ਸਕਦਾ ਹੈ, ਪ੍ਰੰਤੂ ਜਿਹੜੇ ਵਿਅਕਤੀ ਦਿਮਾਗੀ ਬਿਮਾਰੀ, ਏਡਜ਼ , ਐਚ ਆਈ ਵੀ , ਰੇਬੀਜ਼ ਅਤੇ ਕਾਲਾ ਪੀਲੀਆ ਦੀ ਬਿਮਾਰੀ ਤੋਂ ਪੀੜਤ ਹੋਣ ,ਉਹ ਅੱਖਾਂ ਦਾਨ ਨਹੀਂ ਕਰ ਸਕਦੇ । ਮਾਪਿਆਂ ਨੂੰ ਸੁਚੇਤ ਕਰਦਿਆਂ ਡਾ ਜਰਨੈਲ ਸਿੰਘ ਨੇ ਕਿਹਾ ਕਿ ਦੀਵਾਲੀ ਅਤੇ ਹੋਲੀ ਮਨਾਉਣ ਸਮੇਂ ਬੱਚਿਆਂ ਦੀ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ ਅਤੇ ਨੋਕ ਵਾਲੀਆਂ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਵੇ ।
ਡਾ ਜਰਨੈਲ ਸਿੰਘ ਨੇ ਸੈਮੀਨਾਰ ਦੌਰਾਨ ਦੱਸਿਆ ਕਿ ਅੱਖਾਂ ਦਾਨ ਕੰਮ ਲਈ ਨੇੜੇ ਦੇ ਅੱਖਾਂ ਦਾਨ ਕੇਂਦਰ ਜਾਂ 104 ਟੌਲ ਫ੍ਰੀ ਹੈਲਪਲਾਈਨ ਨੰਬਰ ਤੇ ਸੰਪਰਕ ਕਰ ਕੇ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ ।