ਮੋਰਿੰਡਾ 24 ਅਗਸਤ ( ਭਟੋਆ )
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਵਿਦਿਆਰਥੀਆਂ ਨੇ ਅੰਡਰ 23 ਸੀਨੀਅਰ ਪੰਜਾਬ ਸਟੇਟ ਚੈਂਪੀਅਨਸ਼ਿਪ ਗਰੀਕੋ ਰੋਮਨ ਸਟਾਇਲ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ । ਕਾਲਜ ਪ੍ਰਿੰਸੀਪਲ ਡਾ ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਕਰਨ ਪਠਾਣੀਆ ਨੇ 92 ਕਿੱਲੋ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਚਾਂਦੀ ਦਾ ਤਗਮਾ ਹਾਸਿਲ ਕੀਤਾ । ਇਨ੍ਹਾਂ ਹੀ ਮੁਕਾਬਲਿਆਂ ਵਿੱਚ 15 ਅਗਸਤ ਨੂੰ ਮੁੱਲਾਂਪੁਰ ਵਿਖੇ ਹੋਏ ਪਵਨਦੀਪ ਰਾਣਾ ਨੇ 77 ਕਿੱਲੋ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਾਂਬੇ ਦਾ ਤਮਗਾ ਜਿੱਤਿਆ ਅਤੇ ਇਸੇ ਵਿਦਿਆਰਥੀ ਨੇ 18 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਹੋਏ 79 ਕਿੱਲੋ ਵਰਗ ਫਰੀ ਸਟਾਇਲ ਰੈਸਲਿੰਗ ਮੁਕਾਬਲੇ ਵਿੱਚ ਵੀ ਤਾਂਬੇ ਦਾ ਤਮਗਾ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ । ਇਨ੍ਹਾਂ ਵਿਦਿਆਰਥੀਆਂ ਦੇ ਕਾਲਜ ਪਹੁੰਚਣ ਤੇ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆਂ, ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਸਨਮਾਨ ਕਰਦਿਆਂ ਕਿਹਾ ਕਿ ਕਾਲਜ ਦੇ ਦੂਜੇ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਸੇਧ ਲੈ ਕੇ ਅਜਿਹੀਆਂ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਕਿ ਉਹ ਵੀ ਆਪਣੇ ਮੁਕਾਮ ਹਾਸਿਲ ਕਰ ਸਕਣ ।