ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 24 ਅਗਸਤ, 2022: ਅੱਖਾਂ ਦਾਨ ਕਰਨ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣ ਵਿੱਚ ਸਿਹਤ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਗੱਲ ਦਾ ਪ੍ਰਗਟਾਵਾ ਡਾ. ਪਰਮਿੰਦਰ ਕੌਰ ਸਿਵਲ ਸਰਜਨ ਸੰਗਰੂਰ ਨੇ ਕਰਦੇ ਹੋਏ ਕਿਹਾ ਕਿ 25 ਅਗਸਤ ਤੌਂ 8 ਸਤੰਬਰ 2022 ਤੱਕ ਪੰਜਾਬ ਸਰਕਾਰ ਵੱਲੋਂ ਅੱਖਾਂ ਦਾਨ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਸੰਗਰੂਰ ਨਿਵਾਸੀਆਂ ਨੂੰ ਜਾਗਰੂਕ ਕਰਨ ਹਿੱਤ ਆਸ਼ਾ, ਏ ਐੱਨ ਐੱਮ, ਸਿਹਤ ਸੁਪਰਵਾਇਜਰ, ਬਲਾਕ ਐਜੁਕੈਟਰ ਅਤੇ ਜਿਲਾਂ ਪੱਧਰ ਤੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾ: ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਸਾਡੇ ਦੇਸ਼ ਅੰਦਰ 15 ਮਿਲੀਅਨ ਲੋਕਾਂ ਨੂੰ ਅੱਖਾਂ ਦੀ ਲੋੜ ਹੈ ਜੋ ਕਿ ਕਿਸੇ ਹਾਦਸੇ ਕਾਰਨ ਜਾਂ ਬਚਪਨ ਸਮੇਂ ਅੰਨੇਪਣ ਦਾ ਸ਼ਿਕਾਰ ਹਨ। ਦਿਨ-ਬ-ਦਿਨ ਅੱਖਾਂ ਦੀ ਘਾਣ ਕਾਰਨ ਇਨ੍ਹਾਂ ਵਿਚ ਹੋਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਘਾਟਾ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ, ਜੇਕਰ ਅਸੀਂ ਅੱਖਾਂ ਦਾਨ ਕਰਨ ਦਾ ਇਹ ਸੁਨੇਹਾ ਘਰ-ਘਰ ਤੱਕ ਪਹੁੰਚਾਈਏ। ਅਸੀਂ ਖੁਦ ਵੀ ਅੱਖਾਂ ਦਾਨ ਕਰੀਏ ਅਤੇ ਜਨ ਸਮੂਹ ਨੂੰ ਵੀ ਇਸ ਦਾਨ ਦੀ ਮਹੱਤਤਾ ਬਾਰੇ ਜਾਣੂ ਕਰਵਾਈਏ।
ਡਾ: ਪਰਮਿੰਦਰ ਕੌਰ ਨੇ ਕੁਪੋਸ਼ਣ ਕਾਰਨ ਅੱਖਾਂ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ' ਸਬੰਧੀ ਜਾਗਰੂਕ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮੋਬਾਇਲ ਫੋਨ ਅਤੇ ਕੰਪਿਊਟਰ ਦੀ ਲੋੜ ਅਨੁਸਾਰ ਹੀ ਵਰਤੋਂ ਕੀਤੀ ਜਾਵੇ, ਹਨੇਰੇ ਵਿਚ ਮੋਬਾਇਲ, ਕੰਪਿਊਟਰ, ਟੈਬ ਅਤੇ ਲੈਪਟਾਪ ਆਦਿ ਦੀ ਵਰਤੋਂ ਕਰਨ ਤੋਂ ਗੁਰੇਜ ਕੀਤਾ ਜਾਵੇ, ਕਿਉਂਕਿ ਇਸ ਨਾਲ ਰੈਟੀਨਾ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਜਿਸ ਦਾ ਬਾਅਦ ਵਿਚ ਕੋਈ ਇਲਾਜ ਨਹੀਂ ਹੈ।ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਕਿ ਅੱਖਾਂ ਦੀ ਰੋਸ਼ਨੀ ਬਰਕਰਾਰ ਰੱਖਣ ਲਈ ਆਪਣੀ ਖੁਰਾਕ ਵਿਚ ਵਿਟਾਮਿਨ 'ਏ' ਭਰਪੂਰ ਖੁਰਾਕ ਨੂੰ ਜ਼ਰੂਰ ਸ਼ਾਮਿਲ ਕਰੋ।
ਐੱਸ. ਐੱਮ .ਓ .ਆਈ ਮੋਬਾਈਲ ਡਾ:ਸੰਜੇ ਮਾਥੁਰ ਨੇ ਦੱਸਿਆ ਕਿ ਕਿਸੇ ਵੀ ਉਮਰ ਵਿਚ ਅੱਖਾਂ ਦਾਨ ਕੀਤੀਆ ਜਾ ਸਕਦੀਆਂ ਹਨ। ਜੇਕਰ ਆਦਮੀ ਦੇ ਦੂਰ ਦੀ ਐਨਕ ਲੱਗੀ ਹੋਵੇ, ਲੈੰਨਜ਼ ਪਾਇਆ ਹੋਵੇ ਤਾਂ ਵੀ ਉਹ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ। ਕੇਵਲ ਕੈਂਸਰ, ਏਡਜ ਅਤੇ ਦਿਮਾਗੀ ਬੁਖਾਰ ਦੇ ਵਿਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਉਨਾਂ ਕਿਹਾ ਕਿ ਜਿਲੇ ਵਿੱਚ ਆਈ ਬੈਂਕ ਨਾ ਹੋਣ ਕਰਕੇ ਦੂਜੇ ਜ਼ਿਲਿਆਂ ਦੇ ਆਈ ਬੈਂਕ ਵਿਚ ਅੱਖਾਂ ਭੇਜਣ ਸਮੇਂ ਸਮਾਂ ਵੀ ਵਧੇਰੇ ਲੱਗਦਾ ਹੈ ਅਤੇ ਨਾਲ ਨਾਲ ਪੈਸੇ ਵੀ ਵੱਧ ਖਰਚ ਕਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਜੇਕਰ ਇਥੇ ਆਈ ਬੈਂਕ ਖੋਲ੍ਹ ਦਿੱਤਾ ਜਾਵੇ ਤਾਂ ਅੱਖਾਂ ਦਾਨ ਮੁਹਿੰਮ ਵਿੱਚ ਭਾਰੀ ਵਾਧਾ ਹੋ ਸਕਦਾ ਹੈ।