ਮੋਰਿੰਡਾ 23 ਅਗਸਤ ( ਭਟੋਆ)
ਨਜ਼ਦੀਕੀ ਪਿੰਡ ਜਟਾਣਾ ਵਿਖੇ ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਵੱਲੋਂ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ । ਕੁਸ਼ਤੀਆਂ ਦੀ ਸ਼ੁਰੂਆਤ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਨੇ ਕਰਵਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਵੀ ਇਹ ਰਵਾਇਤੀ ਕੁਸ਼ਤੀਆਂ ਪਿੰਡਾਂ ਵਿੱਚ ਵੇਖਣ ਨੂੰ ਮਿਲ ਰਹੀਆਂ ਹਨ ਪਰ ਹੋਰ ਰਵਾਇਤੀ ਖੇਡਾਂ ਸੂਬੇ ਵਿਚੋਂ ਅਲੋਪ ਹੋ ਰਹੀਆਂ ਹਨ । ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਉਕਤ ਪਿੰਡ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ ਕਰਵਾਉਣਗੇ । ਮੁੱਖ ਮਹਿਮਾਨ ਵਜੋਂ ਪਹੁੰਚੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਅਜਿਹੇ ਖੇਡ ਟੂਰਨਾਮੈਂਟ ਪਿੰਡਾਂ ਵਿੱਚ ਜਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਸਕੇ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੋਣ । ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਜਟਾਣਾ ਦੇ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ । ਇਸ ਤੋਂ ਬਾਅਦ ਝੰਡੀ ਦੀ ਦੌਰਾਨ ਰੇਲਵੇ ਕੋਚ ਫੈਕਟਰੀ ਕਪੂਰਥਲਾ ਦੇ ਰੋਜੀ ਨੇ ਸਾਹਿਲ ਕੁਰਾਲੀ ਨੂੰ ਚਿੱਤ ਕਰਕੇ ਜਿੱਤੀ । ਜਦੋਂ ਕਿ ਦੂਜੇ ਨੰਬਰ ਦੀ ਕੁਸ਼ਤੀ ਛੋਟਾ ਸਦਾਮ ਨੇ ਤਾਜ ਰੌਣੀ ਨੂੰ ਅਤੇ ਤੀਜੇ ਨੰਬਰ ਦੀ ਕੁਸ਼ਤੀ ਗੁਰਜੀਤ ਮਗਰੋੜ ਨੇ ਨਦੀਮ ਨੂੰ ਹਰਾ ਕੇ ਜਿੱਤੀ । ਝੰਡੀ ਦੀ ਕੁਸ਼ਤੀ ਦਾ ਇਨਾਮ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਠੇਕੇਦਾਰ ਗੁਰਮੀਤ ਸਿੰਘ ਨੇ ਆਪਣੇ ਕੋਲੋਂ ਇੱਕ ਲੱਖ ਰੁਪਏ ਦਿੱਤਾ । ਦੂਜੀ ਕੁਸ਼ਤੀ ਦਾ ਇਨਾਮ ਦਾਨੀ ਸੱਜਣ ਵੱਲੋਂ ਅਤੇ ਤੀਜੀ ਕੁਸ਼ਤੀ ਦਾ ਇਨਾਮ ਸੁਖਬੀਰ ਸਿੰਘ ਮਾਜਰੀ ਸਿੱਖਾਂ ਦੇ ਪਰਿਵਾਰ ਵੱਲੋਂ ਦਿੱਤਾ ਗਿਆ । ਸਰਪੰਚ ਦਿਆਲ ਸਿੰਘ, ਛਿੰਝ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਨੇ ਆਏ ਮਹਿਮਾਨਾਂ ਅਤੇ ਪਹਿਲਵਾਨਾਂ ਦਾ ਧੰਨਵਾਦ ਕੀਤਾ ।
--------------------------------------
ਪਹਿਲਵਾਨ ਰੋਜੀ ਨੇ ਕੁਸ਼ਤੀ ਤੋਂ ਪਹਿਲਾਂ ਬਲਿੰਦਰ ਸਿੰਘ ਜਟਾਣਾ ਨੂੰ ਕੀਤਾ ਯਾਦ
ਪਿੰਡ ਜਟਾਣਾ ਵਿਖੇ ਝੰਡੀ ਦੀ ਕੁਸ਼ਤੀ ਤੋਂ ਪਹਿਲਾਂ ਪਹਿਲਵਾਨ ਰੋਜੀ ਕਪੂਰਥਲਾ ਨੇ ਸਿੱਧੂ ਮੂਸੇਵਾਲਾ ਦੇ ਗੀਤ ਐਸ ਵਾਈ ਐਲ ਨਾਲ ਮੁੜ ਚਰਚਾ ਵਿੱਚ ਆਏ ਭਾਈ ਬਲਿੰਦਰ ਸਿੰਘ ਜਟਾਣਾ ਨੂੰ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਭਾਈ ਜਟਾਣਾ ਦੇ ਪਿੰਡ ਦੀ ਮਿੱਟੀ ਨੂੰ ਸਿੱਜਦਾ ਕਰਕੇ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦਾ ਹੈ ਕਿ ਉਸ ਨੂੰ ਅੱਜ ਪਿੰਡ ਜਟਾਣਾ ਦੀ ਧਰਤੀ ਤੇ ਕੁਸ਼ਤੀ ਕਰਨ ਦਾ ਮੌਕਾ ਮਿਲਿਆ ਹੈ ।