ਚੰਡੀਗੜ੍ਹ:
ਪਾਠਕ ਜਦੋਂ ਕਿਸੇ ਪੁਸਤਕ ਨੂੰ – ਉਹ ਕਵਿਤਾ ਦੀ ਹੋਵੇ, ਕਹਾਣੀਆਂ ਜਾਂ ਨਿਬੰਧਾਂ ਦੀ, ਕੋਈ ਨਾਵਲ ਹੋਏ ਜਾਂ ਜਿਵੇਂ ਇਹ ਪੁਸਤਕ ਹੈ, ਸਵੈਜੀਵਨੀਮੂਲਕ ਲੇਖਾਂ ਦੀ - ਮਨ ਨਾਲ ਪੜ੍ਹਦਾ ਹੈ ਤਾਂ ਉਹ ਇਕ ਸਮਾਨਾਂਤਰ ਸੰਸਾਰ ਚ ਵਿਚਰਦਾ ਹੈ। ਉਸ ਪੁਸਤਕ ਦੇ ਪਾਤਰਾਂ, ਦ੍ਰਿਸ਼ਾਂ, ਘਟਨਾਵਾਂ, ਸਮਿਆਂ, ਸਤਰਾਂ ਤੇ ਬਿੰਬਾਂ ਆਦਿ ਨਾਲ ਉਹਦਾ ਸਹਿਜੇ ਸੰਬੰਧ ਬਣ ਜਾਂਦਾ ਹੈ। ਇਹ ਸੰਬੰਧ ਕਿੰਨਾ ਗਹਿਰਾ ਜਾਂ ਸਤਿਹੀ ਹੁੰਦਾ, ਇਹ ਉਸ ਪੁਸਤਕ ਦੀ ਗੁਣਵੱਤਾ 'ਤੇ ਨਿਰਭਰ ਹੁੰਦਾ।(MOREPIC1)
ਹਰਦੇਵ ਚੌਹਾਨ ਮੁੱਖ ਰੂਪ ਚ ਬਾਲ-ਸਾਹਿਤਕਾਰ ਹੈ। ਬਹੁਤ ਸਾਰੇ ਸਨਮਾਨਾਂ ਨਾਲ ਨਿਵਾਜਿਆ ਗਿਆ ਬਾਲ-ਸਾਹਿਤਕਾਰ। "ਮਨ ਕੈਨਵਸ", ਉਹਦੀ ਗੈਰਰਸਮੀ ਸਵੈਜੀਵਨੀ, ਪਰ ਬਾਲਗਾਂ ਲਈ ਹੈ, ਬੇਸ਼ਕ ਇਸ ਪੁਸਤਕ ਦੀ ਸ਼ੈਲੀ ਚੋਂ ਵੀ ਉਹਦੇ ਬਾਲ-ਸਾਹਿਤਕਾਰ ਹੋਣ ਦੇ ਝਲਕਾਰੇ ਪੈਂਦੇ ਨੇ। ਉਹਦੀ ਅੱਧ-ਮਜ਼ਾਕੀਆ, ਅੱਧ-ਚਿੰਤਨੀ ਸ਼ੈਲੀ, "ਮੈਂ" ਵਾਸਤੇ "ਅਸੀਂ", ਅਤੇ ਪਿਤਾ, ਪਤਨੀ, ਪੁੱਤਰ ਅਤੇ ਹੋਰ ਰਿਸ਼ਤਿਆਂ ਵਾਸਤੇ ਸ਼ਬਦ ਪਿਤਾ-ਸ਼੍ਰੀ, ਪਤਨੀ-ਸ਼੍ਰੀ, ਪੁੱਤਰ-ਸ਼੍ਰੀ, ਬਹੂ-ਸ਼੍ਰੀ ਆਦਿ ਵਰਤਣਾ, ਉਹਦੇ ਬਿਰਤਾਂਤਾਂ ਨੂੰ ਨਿੱਘ ਤੇ ਨੇੜਤਾ ਦੀ ਸਾਨ ਚਾੜ੍ਹ ਦੇਂਦੇ ਨੇ।
ਇਹ ਕਿਤਾਬ ਉਹਦੇ ਘਰ, ਪਿਤਾ, ਮਾਂ, ਭਰਾਵਾਂ, ਪਤਨੀ, ਬੇਟਾ-ਬੇਟੀ, ਪੋਤਰੀ-ਦੋਹਤਰੀ, ਉਹਦੇ ਆਪਣੇ ਸਰੀਰਕ ਦੁੱਖਾਂ ਅਤੇ ਸੰਘਰਸ਼ਾਂ-ਪ੍ਰਾਪਤੀਆਂ ਦੇ ਇਰਦ-ਗਿਰਦ ਘੁੰਮਦੀ ਹੈ। ਸਾਰੀ ਉਮਰ ਸਾਰਾ-ਸਾਰਾ ਦਿਨ – ਤੇ ਬਹੁਤ ਵਾਰ ਅੱਧੀ-ਅੱਧੀ ਰਾਤ ਤਕ - ਘਰੋਂ ਬਾਹਰ ਰਹਿੰਦਾ ਰਿਹਾ ਵੀ ਉਹ ਘਰ-ਪਰਿਵਾਰ ਨਾਲ ਗਹਿਰਾ ਜੁੜਿਆ ਹੈ। ਇਸ ਜੁੜਾਵ ਦੇ ਖਾਕੇ ਉਘਾੜਦਾ ਉਹ ਬੇਬਾਕ ਤੇ ਇਮਾਨਦਾਰ ਹੈ, ਕਿਸੇ ਨੂੰ ਬਖਸ਼ਦਾ ਨਹੀਂ। ਆਪਣੇ ਆਪ ਨੂੰ ਤਾਂ ਬਿਲਕੁਲ ਨਹੀਂ। ਸਭ ਤੋਂ ਨਜ਼ਦੀਕੀ ਰਿਸ਼ਤਿਆਂ ਪ੍ਰਤੀ ਮੋਹਭੰਗ ਦੀ ਕੜਵਾਹਟ ਦੇ ਦਰਸ ਕਈ ਵਾਰ ਹੁੰਦੇ ਨੇ। ਕੀ ਇਹੀ ਸਥਿਤੀ ਅਜੋਕੇ ਯੁੱਗ ਦੇ ਬਹੁਤੇ ਮਿਡਲ-ਕਲਾਸੀ ਘਰਾਂ ਦੀ ਨਹੀਂ? ਪਰ ਬਹੁਤੇ ਲੇਖਕ ਏਨੇ ਬੇਬਾਕ ਤੇ ਪਾਰਦਰਸ਼ੀ ਹੋਣ ਦਾ ਜੋਖਮ ਨਹੀਂ ਉਠਾਉਂਦੇ। ਇਹ ਬੇਬਾਕੀ ਹੀ ਇਸ ਕਿਤਾਬ ਦੀ ਦਿਲਚਸਪੀ ਦਾ ਬਾਇਸ, ਤੇ ਕਿਤੇ ਕਿਤੇ ਪਾਠਕ ਨੂੰ ਵਿਚਲਿਤ ਕਰਦੀ ਹੈ। ਉਦਾਹਰਨ ਵੱਜੋਂ ਲੇਖਕ ਦੇ ਪੁੱਤਰ ਦਾ ਇਹ ਬਿਆਨ ਹੈ ਜਦੋਂ ਲੇਖਕ ਨੂੰ ਆਪਣੇ ਸ਼ੁਗਰ ਦਾ ਮਰੀਜ਼ ਹੋਣ ਦਾ ਪਤਾ ਲੱਗਦਾ ਤੇ ਉਹ ਪਹਿਲੀ ਵਾਰ ਇਹ ਦਿਲ-ਦਹਿਲਾਉਂਦੀ ਖਬਰ ਘਰਦਿਆਂ ਨਾਲ ਸਾਂਝੀ ਕਰਦਾ ਹੈ:
"ਅੰਮੀ! ਹੁਣ ਜਿਆਦਾ ਫਿਕਰ ਨਾ ਕਰਿਆ ਕਰੋ। ਬੜਾ ਸੋਹਣਾ ਖਾ, ਹੰਢਾ ਲਿਆ ਪਾਪਾ ਨੇ ... ਜੇਕਰ ਇਹ ਸ਼ੂਗਰ ਨਾਲ ਮਰ ਵੀ ਗਏ ਤਾਂ ਮੈਂ ਤੁਹਾਨੂੰ ਇੱਕ ਹਫਤੇ ਤੋਂ ਵੱਧ ਅਫਸੋਸ ਕਰਨ ਦਾ ਮੌਕਾ ਨਹੀਂ ਦਿਆਂਗਾ। ਮੇਰੇ ਵਿੱਚ ਹੁਣ ਬਹੁਤ ਸ਼ਕਤੀ ਆ ਗਈ ਏ ... ਵੇਖਿਓ! ਮੈਂ ਬੜੀ ਛੇਤੀ ਆਪਣੀ ਦਰਿਆ ਦਿਲੀ ਨਾਲ ਤੁਹਾਨੂੰ ਪਾਪਾ ਦੇ ਤੁਰ ਜਾਣ ਦਾ ਸਾਰਾ ਗਮ ਭੁਲਾਉਣ ਵਿੱਚ ਸਹਾਈ ਹੋਵਾਂਗਾ ... "
ਪੁਸਤਕ ਚ ਸ਼ਾਮਲ ਲੇਖਾਂ ਨੂੰ ਨਿੱਕੀਆਂ ਕਹਾਣੀਆਂ ਵਾਂਗ ਵੀ ਪੜ੍ਹਿਆ ਜਾ ਸਕਦਾ ਹੈ; ਉਨ੍ਹਾਂ ਚ ਕਥਾ-ਰਸ ਹੈ। ਇਹ ਕਹਾਣੀਆਂ ਪਿਛਲੀ ਸਦੀ ਦੇ ਦੂਸਰੇ ਅੱਧ ਦੇ ਸ਼ਹਿਰੀ ਜੀਵਨ ਦੀਆਂ ਝਲਕਾਂ ਨੇ; ਉਸ ਸਮੇਂ ਦੀਆਂ ਜਦੋਂ ਜੀਵਨ ਕਿਤੇ ਵੱਧ ਸਰਲ ਤੇ ਸਾਦਾ, ਕਿਰਸਾਂ-ਘਾਟਾਂ, ਬਾਥਰੂਮਾਂ ਚ ਰੱਖੇ 'ਸੋਪ-ਸੇਵਰਜ਼' ਵਾਲਾ, ਤੇ ਕਿਤੇ ਘੱਟ ਖਪਤਮੁਖੀ ਹੁੰਦਾ ਸੀ। ਇਕ ਲੇਖ ਚ ਅੰਮ੍ਰਿਤਸਰ ਚ ਚੁਰਾਸੀ ਦੇ ਮਈ-ਜੂਨ ਦੇ ਭਿਅੰਕਰ ਦਿਨਾਂ ਦੀ ਤਸਵੀਰ ਖਿੱਚੀ ਗਈ ਹੈ।
"ਮਈ ਮਹੀਨੇ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਸੀ। ਸਕੂਲ ਵਿੱਚ ਛੁੱਟੀ ਹੋ ਗਈ ਸੀ। ... ਅਸਾਂ ਆਪਣਾ ਸਕੂਟਰ ਸਕੂਲ ਦੇ ਗੇਟੋਂ ਬਾਹਰ ਕੱਢਿਆ ਹੀ ਸੀ ਕਿ ਲੋਈਆਂ ਦੀਆਂ ਬੁੱਕਲਾਂ ਮਾਰੀ ਚਿੱਟੇ ਬਾਣੇ ਵਾਲੇ ਦੋ ਸਿੰਘਾਂ ਨੇ ਸਾਡਾ ਰਸਤਾ ਰੋਕ ਲਿਆ ਤੇ ਕਹਿਣ ਲੱਗੇ, 'ਪਿਆਰਿਓ! ਲਾਗਲੇ ਪਿੰਡੋਂ ਰਸਦ, ਪਾਣੀ ਲਿਆਉਣਾ ... ਥੋੜ੍ਹੇ ਕੁ ਚਿਰ ਲਈ ਸਾਨੂੰ ਤੁਹਾਡੇ ਸਕੂਟਰ ਦੀ ਲੋੜ ਏ ... ਸੋ ਸੇਵਾ ਚ ਹਿੱਸਾ ਪਾ ਦਿਓ' ...
... ... ...
ਸਿੰਘਾਂ ਦੇ ਚਲੇ ਜਾਣ ਤੋਂ ਬਾਅਦ ਕੰਧ ਪਿੱਛੇ ਲੁਕਿਆ ਮਾਸਟਰ ਸੁਰਜੀਤ ਤੇ ਮਨਜੀਤ ਸਾਡੇ ਕੋਲ ਆਣ ਖਲੋਤੇ ਤੇ ਅਫ਼ਸੋਸ ਦੀ ਮੁਦਰਾ ਵਿੱਚ ਕਹਿਣ ਲੱਗੇ, 'ਭਾਊ! ਸ਼ੁਕਰ ਕਰ, ਅੱਜ ਤੈਨੂੰ ਦਸਤਾਰ ਨੇ ਬਚਾਅ ਲਿਆ ..."
ਮੇਰਾ ਵਿਚਾਰ ਹੈ ਕਿ ਹਰ ਮਨੁੱਖ ਦੇ ਜੀਵਨ ਵਿਚ ਘੱਟੋਘੱਟ ਇਕ ਕ੍ਰਿਸ਼ਮਾ ਜ਼ਰੂਰ ਹੁੰਦਾ ਹੈ। ਇੰਜ ਦੇ ਇਕ ਕ੍ਰਿਸ਼ਮੇ ਦਾ ਦਿਲਚਸਪ ਵਰਨਣ ਲੇਖਕ ਨੇ "ਓ.ਟੀ. ਕੋਰਸ ਲਈ ਸੱਦਾ ਪੱਤਰ" ਨਾਮਕ ਲੇਖ ਚ ਕੀਤਾ ਹੈ। ਪਰ ਪੁਸਤਕ ਚ ਸ਼ਾਮਲ ਲੇਖਾਂ ਚੋਂ ਸਭ ਤੋਂ ਦਿਲਚਸਪ – ਤੇ ਲੰਮਾ – ਲੇਖ "ਸੀ ਬਲਾਕ" ਹੈ ਜਿਸ ਚ ਲੇਖਕ ਖਾਧੀ-ਪੀਤੀ ਚ ਹੋਏ ਆਪਣੇ ਸਕੂਟਰ ਸੜਕ ਹਾਦਸੇ ਚ ਇਕ ਲੱਤ ਤੇ ਗੁੱਟ ਟੁੱਟਣ, ਤੇ ਫਿਰ ਇਲਾਜ ਦੀ ਲੰਮੀ ਤੇ ਪੀੜਾਦਾਇਕ ਪ੍ਰਕ੍ਰਿਆ ਦਾ ਵਰਨਣ ਕਰਦਾ ਹੈ। ਪਰ ਪਿਆਰੇ ਲੇਖਕ ਜੀ, ਓਪਰੇਸ਼ਨ ਥੀਏਟਰ ਚ ਖੜ੍ਹੇ ਹਰੇ ਗਾਊਨ ਤੇ ਮਾਸਕ ਪਾਈ ਡਾਕਟਰ ਤੇ ਨਰਸਾਂ ਯਮਦੂਤ ਨਹੀਂ ਦੇਵਦੂਤ ਸਨ ਜਿਨ੍ਹਾਂ ਤੁਹਾਨੂੰ ਮੁੜ ਸਕੂਟਰ ਚਲਾਉਣ ਤੇ ਤੁਰਨ-ਫਿਰਨ ਦੇ ਕਾਬਿਲ ਕੀਤਾ!
ਰੱਬ ਚ ਡੂੰਘੀ ਆਸਥਾ ਰੱਖਣ ਵਾਲਾ ਉਹ, ਥਾਂ-ਪੁਰ-ਥਾਂ ਰੱਬ ਨੂੰ ਕੋਸਦਾ, ਨਿਹੋਰੇ ਦੇਂਦਾ, ਸ਼ਿਕਾਇਤਾਂ ਕਰਦਾ, ਇਕ ਭਰਪੂਰ, ਸਫਲ ਤੇ ਸੰਤੁਸ਼ਟ ਜੀਵਨ ਲਈ ਉਹਦਾ ਸ਼ੁਕਰਗੁਜ਼ਾਰ ਵੀ ਹੁੰਦਾ ਹੈ।
ਸ਼ਬਦ-ਜੋੜਾਂ, ਵਿਆਕਰਨ, ਸ਼ੈਲੀ ਤੇ ਪੰਜਾਬੀ ਭਾਸ਼ਾ ਦੀ ਵਰਤੋਂ ਬਾਰੇ "ਪਰਫੈਕਸ਼ਨਿਸ਼ਟ" ਨਜ਼ਰ ਰੱਖਣ ਵਾਲੇ ਕੁਝ ਪਾਠਕਾਂ ਨੂੰ ਇਸ ਪੁਸਤਕ ਚ ਕਿਤੇ ਕਿਤੇ ਊਣਤਾਈਆਂ ਦਿਸਣਗੀਆਂ, ਪਰ ਜੇਕਰ ਉਹ ਇਨ੍ਹਾਂ ਨੂੰ ਅੱਖ-ਪਰੋਖਿਆਂ ਕਰ ਇਹਨੂੰ ਪੜ੍ਹਨਗੇ, ਤਾਂ ਯਕੀਨਨ ਇਹ ਉਨ੍ਹਾਂ ਨੂੰ ਵੀ ਦਿਲਚਸਪ ਲੱਗੇਗੀ।