ਨਵੀਂ ਦਿੱਲੀ,23 ਅਗਸਤ,ਦੇਸ਼ ਕਲਿਕ ਬਿਊਰੋ:
ਏਸ਼ੀਆ ਕੱਪ 2022 ਤੋਂ ਪਹਿਲਾਂ ਭਾਰਤੀ ਟੀਮ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਬਾਅਦ ਕੋਚ ਰਾਹੁਲ ਵੀ ਇਸ ਟੂਰਨਾਮੈਂਟ ਤੋਂ ਬਾਹਰ ਹੋ ਸਕਦੇ ਹਨ। ਖਬਰਾਂ ਮੁਤਾਬਕ ਰਾਹੁਲ ਦ੍ਰਾਵਿੜ ਕੋਰੋਨਾ ਨਾਲ ਸੰਕਰਮਿਤ ਹੋ ਗਏ ਹਨ ਅਤੇ ਉਨ੍ਹਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਹਾਲਾਂਕਿ ਇਸ ਬਾਰੇ BCCI ਜਾਂ ਰਾਹੁਲ ਦ੍ਰਾਵਿੜ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰਾਹੁਲ ਦ੍ਰਾਵਿੜ ਦੀ ਗੈਰ-ਮੌਜੂਦਗੀ ਵਿੱਚ ਵੀਵੀਐਸ ਲਕਸ਼ਮਣ ਭਾਰਤੀ ਕੋਚ ਦਾ ਅਹੁਦਾ ਸੰਭਾਲ ਸਕਦੇ ਹਨ।ਲਕਸ਼ਮਣ ਨੇ ਹਾਲ ਹੀ 'ਚ ਜ਼ਿੰਬਾਬਵੇ ਖਿਲਾਫ ਵਨਡੇ ਸੀਰੀਜ਼ 'ਚ ਕੋਚ ਦੀ ਜ਼ਿੰਮੇਵਾਰੀ ਸੰਭਾਲੀ ਸੀ। ਇਸ ਸੀਰੀਜ਼ 'ਚ ਦ੍ਰਾਵਿੜ ਨੂੰ ਆਰਾਮ ਦਿੱਤਾ ਗਿਆ ਸੀ।
ਭਾਰਤੀ ਟੀਮ ਨੇ ਅੱਜ ਏਸ਼ੀਆ ਕੱਪ ਖੇਡਣ ਲਈ ਦੁਬਈ ਰਵਾਨਾ ਹੋਣਾ ਸੀ ਪਰ ਕੋਚ ਦ੍ਰਾਵਿੜ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਟੀਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਹੁਣ ਭਾਰਤੀ ਟੀਮ ਰਾਹੁਲ ਦ੍ਰਾਵਿੜ ਦੇ ਬਿਨਾਂ ਦੁਬਈ ਲਈ ਰਵਾਨਾ ਹੋ ਸਕਦੀ ਹੈ। ਜਦੋਂ ਤੱਕ ਦ੍ਰਾਵਿੜ ਪੂਰੀ ਤਰ੍ਹਾਂ ਫਿੱਟ ਨਹੀਂ ਹੁੰਦੇ, ਉਦੋਂ ਤੱਕ ਟੀਮ ਨਾਲ ਜੁੜਨ ਦੀ ਇਜਾਜ਼ਤ ਮਿਲਣੀ ਮੁਸ਼ਕਲ ਹੈ। ਹਾਲਾਂਕਿ, ਹਾਲ ਹੀ ਵਿੱਚ ਕੋਰੋਨਾ ਨਾਲ ਜੁੜੇ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਰਾਸ਼ਟਰਮੰਡਲ ਖੇਡਾਂ ਦੌਰਾਨ ਆਸਟਰੇਲੀਆਈ ਖਿਡਾਰਨ ਤਾਹਿਲਾ ਮੈਕਗ੍ਰਾਥ ਨੇ ਕੋਰੋਨਾ ਸੰਕਰਮਿਤ ਹੋਣ ਦੇ ਬਾਵਜੂਦ ਫਾਈਨਲ ਮੈਚ ਖੇਡਿਆ।ਅਜਿਹੇ 'ਚ ਦ੍ਰਾਵਿੜ ਨੂੰ ਵੀ ਦੁਬਈ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਪਰ ਇਸ ਦੀ ਸੰਭਾਵਨਾ ਬਹੁਤ ਘੱਟ ਹੈ।