ਖੇਡ ਵਿਭਾਗ ਪੰਜਾਬ ਦੇ ਪੋਰਟਲ www.punjabkhedmela2022.in ’ਤੇ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਦਾ ਸੱਦਾ
ਹੁਣ ਸਰਕਲ ਸਟਾਇਲ ਕਬੱਡੀ ਨੂੰ ਵੀ ਕੀਤਾ ਗਿਆ ਸ਼ਾਮਲ: ਡੀ.ਸੀ.
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 22 ਅਗਸਤ, 2022: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰੇਕ ਉਮਰ ਵਰਗ ਦੇ ਲੋਕਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਵਿੱਚ 29 ਅਗਸਤ ਤੋਂ ਆਰੰਭ ਹੋਣ ਵਾਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਜ਼ਿਲਾ ਸੰਗਰੂਰ ਦੇ ਵੱਧ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਤਾਂ ਜੋ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਸਫ਼ਲਤਾ ਹਾਸਲ ਹੋ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਅੱਜ ਸ਼ਾਮ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਨਾਂ ਖੇਡਾਂ ਦੀਆਂ ਤਿਆਰੀਆਂ ਵਜੋਂ ਚੱਲ ਰਹੀ ਰਜਿਸਟਰੇਸ਼ਨ ਪ੍ਰਕਿਰਿਆ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 25 ਅਗਸਤ ਤੱਕ ਰਜਿਸਟਰੇਸ਼ਨ ਪ੍ਰਕਿਰਿਆ ਖੁੱਲੀ ਹੈ ਇਸ ਲਈ ਖੇਡਾਂ ਲਈ ਨਿਰਧਾਰਿਤ ਹਰੇਕ ਵਰਗ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਕੋਈ ਵੀ ਯੋਗ ਅਤੇ ਚਾਹਵਾਨ ਵਿਅਕਤੀ ਆਪਣੀ ਰਜਿਸਟਰੇਸ਼ਨ ਕਰਵਾਉਣ ਤੋਂ ਵਾਂਝਾ ਨਾ ਰਹੇ। ਸ਼੍ਰੀ ਜੋਰਵਾਲ ਨੇ ਕਿਹਾ ਕਿ ਬੱਚਿਆਂ ਤੇ ਨੌਜਵਾਨ ਵਰਗ ਵਿੱਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਹੁੰਦਾ ਹੈ ਅਤੇ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਇਸ ਮਿਆਰੀ ਮੰਚ ’ਤੇ ਖੇਡ ਕੇ ਕੋਈ ਵੀ ਖਿਡਾਰੀ ਆਪਣੀ ਖੇਡ ਪ੍ਰਤਿਭਾ ਵਿੱਚ ਵਧੇਰੇ ਨਿਖਾਰ ਲਿਆਉਣ ਅਤੇ ਆਪਣੇ ਹੌਂਸਲੇ ਦਾ ਪੱਧਰ ਉੱਚਾ ਚੁੱਕਣ ਵਿੱਚ ਸਫ਼ਲਤਾ ਹਾਸਲ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨਾਂ ਖੇਡਾਂ ਵਿੱਚ ਭਾਗ ਲੈਣ ਲਈ ਜ਼ਿਲਾ ਸੰਗਰੂਰ ਦੇ ਵੱਖ-ਵੱਖ ਉਮਰ ਵਰਗ ਦੇ ਚਾਹਵਾਨ ਖਿਡਾਰੀ ਖੇਡ ਵਿਭਾਗ ਪੰਜਾਬ ਦੇ ਪੋਰਟਲ
www.punjabkhedmela2022.in ’ਤੇ ਆਨਲਾਈਨ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਦੇ ਅੰਡਰ-14 (ਲੜਕੇ ਤੇ ਲੜਕੀਆਂ), ਅੰਡਰ-17 (ਲੜਕੇ ਤੇ ਲੜਕੀਆਂ), ਅੰਡਰ-21 (ਲੜਕੇ ਤੇ ਲੜਕੀਆਂ), 21 ਤੋਂ 40 ਸਾਲ (ਓਪਨ ਵਰਗ), 50 ਸਾਲ ਤੋਂ ਵੱਧ (ਓਪਨ ਵਰਗ) ਦੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦੇ ਹਨ ਪਰ 41 ਤੋਂ 50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਦੇ ਵਰਗ ਲਈ ਕੇਵਲ ਟੇਬਲ ਟੈਨਿਸ, ਲਾਅਨ ਟੈਨਿਸ, ਵਾਲੀਬਾਲ, ਬੈਡਮਿੰਟਨ ਤੇ ਅਥਲੈਟਿਕਸ ਦੇ ਹੀ ਮੁਕਾਬਲੇ ਹੋਣਗੇ।
ਉਨਾਂ ਦੱਸਿਆ ਕਿ ਇਨਾਂ ਖੇਡਾਂ ’ਚ ਹੁਣ ਪੰਜਾਬ ਦੀ ਰਵਾਇਤੀ ਖੇਡ ਸਰਕਲ ਸਟਾਇਲ ਕਬੱਡੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਕੂਲਾਂ, ਕਾਲਜਾਂ, ਆਈਲਟਸ ਕੇਂਦਰਾਂ, ਪੰਚਾਇਤਾਂ, ਵਾਰਡਾਂ, ਯੂਥ ਕਲੱਬਾਂ ਸਮੇਤ ਹੋਰ ਸਥਾਨਾਂ ’ਤੇ ਇਸ ਬਾਰੇ ਲਗਾਤਾਰ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਆਨਲਾਈਨ ਤੇ ਆਫ਼ਲਾਈਨ ਰਜਿਸਟਰੇਸ਼ਨ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਜ਼ਿਲਾ ਸੰਗਰੂਰ ਵਿਖੇ ਬਲਾਕ ਪੱਧਰੀ ਮੁਕਾਬਲੇ 1 ਤੋਂ 7 ਸਤੰਬਰ ਤੱਕ ਹੋਣਗੇ ਜਿਸ ਲਈ ਨਿਰਧਾਰਿਤ ਉਮਰ ਵਰਗ ਵਿੱਚ ਖਿਡਾਰੀ 6 ਵੱਖ ਵੱਖ ਖੇਡਾਂ ਵਿੱਚ ਭਾਗ ਲੈ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਇਨਾਂ ਖੇਡਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਦਫ਼ਤਰ ਜ਼ਿਲਾ ਖੇਡ ਅਫ਼ਸਰ ਸੰਗਰੂਰ ਵਿਖੇ ਬਣੇ ਹੈਲਪਡੈਸਕ ਵਿੱਚ ਤਾਇਨਾਤ ਅੰਮਿ੍ਰਤਪਾਲ ਸਿੰਘ ਦੇ ਮੋ: ਨੰਬਰ 88726-86600, ਹਰਪਿੰਦਰ ਕੌਰ ਹੈਂਡਬਾਲ ਕੋਚ ਦੇ ਮੋ: ਨੰ: 95698-90555 ਜਾਂ ਮਨਪ੍ਰੀਤ ਕੌਰ ਵਾਲੀਬਾਲ ਕੋਚ ਦੇ ਮੋਬਾਇਲ ਨੰਬਰ 98722-38938 ’ਤੇ ਸੰਪਰਕ ਕਰ ਸਕਦਾ ਹੈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐੱਸ.ਡੀ.ਐੱਮ ਸੰਗਰੂਰ ਨਵਰੀਤ ਕੌਰ ਸੇਖੋਂ, ਐੱਸ.ਡੀ.ਐੱਮ ਸੁਨਾਮ ਊਧਮ ਸਿੰਘ ਵਾਲਾ ਜਸਪ੍ਰੀਤ ਸਿੰਘ, ਐੱਸ.ਡੀ.ਐੱਮ ਦਿੜ੍ਹਬਾ ਰਾਜੇਸ਼ ਸ਼ਰਮਾ, ਐੱਸ.ਡੀ.ਐੱਮ ਲਹਿਰਾ ਵਨੀਤ ਕੁਮਾਰ, ਐੱਸ.ਡੀ.ਐੱਮ ਧੂਰੀ ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਜ਼ਿਲਾ ਖੇਡ ਅਫ਼ਸਰ ਰਣਬੀਰ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।