ਹਾਰਾਰੇ,18 ਅਗਸਤ,ਦੇਸ਼ ਕਲਿਕ ਬਿਊਰੋ:
ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਹਰਾਰੇ ਸਪੋਰਟਸ ਕਲੱਬ 'ਚ ਖੇਡਿਆ ਜਾਵੇਗਾ। 6 ਸਾਲ ਬਾਅਦ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ 15 ਜੂਨ 2016 ਨੂੰ ਦੋਵਾਂ ਟੀਮਾਂ ਵਿਚਾਲੇ ਮੈਚ ਖੇਡਿਆ ਗਿਆ ਸੀ। ਭਾਰਤੀ ਟੀਮ ਆਪਣੇ ਸੀਨੀਅਰ ਖਿਡਾਰੀਆਂ ਤੋਂ ਬਿਨਾਂ ਦੌਰੇ 'ਤੇ ਗਈ ਹੈ। ਇਸ ਦੇ ਨਾਲ ਹੀ ਸੀਰੀਜ਼ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਇਕ ਵੱਡਾ ਬਦਲਾਅ ਕਰਦੇ ਹੋਏ ਸ਼ਿਖਰ ਧਵਨ ਦੀ ਜਗ੍ਹਾ ਕੇਐੱਲ ਰਾਹੁਲ ਨੂੰ ਕਪਤਾਨ ਬਣਾਇਆ ਗਿਆ। ਅਜਿਹੇ 'ਚ ਨੌਜਵਾਨ ਖਿਡਾਰੀਆਂ ਕੋਲ ਵੀ ਇਸ ਸੀਰੀਜ਼ 'ਚ ਖੁਦ ਨੂੰ ਸਾਬਤ ਕਰਨ ਦਾ ਮੌਕਾ ਹੈ। ਇਸ ਮੈਚ ਨੂੰ ਸੋਨੀ ਸਪੋਰਟਸ ਨੈੱਟਵਰਕ 'ਤੇ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਮੈਚ ਦੀ ਲਾਈਵ ਸਟ੍ਰੀਮਿੰਗ Sony Liv 'ਤੇ ਦੇਖ ਸਕਦੇ ਹਾਂ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 12.45 ਵਜੇ ਸ਼ੁਰੂ ਹੋਵੇਗਾ।ਭਾਰਤ ਨੇ 1997 ਤੋਂ ਬਾਅਦ ਜ਼ਿੰਬਾਬਵੇ 'ਚ ਕੋਈ ਸੀਰੀਜ਼ ਨਹੀਂ ਹਾਰੀ ਹੈ। ਇਸ ਦੌਰਾਨ ਮੇਜ਼ਬਾਨ ਟੀਮ ਨੂੰ ਚਾਰ ਵਾਰ ਹਰਾਇਆ ਹੈ। 1998 ਵਿੱਚ ਭਾਰਤੀ ਟੀਮ ਤੀਜੀ ਵਾਰ ਜ਼ਿੰਬਾਬਵੇ ਗਈ ਸੀ। ਫਿਰ ਉਸ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤੀ। ਇਸ ਤੋਂ ਬਾਅਦ ਭਾਰਤੀ ਟੀਮ 2013 'ਚ ਜ਼ਿੰਬਾਬਵੇ ਗਈ ਸੀ। ਫਿਰ 2015 ਅਤੇ 2016 ਵਿੱਚ ਦੌਰਾ ਕੀਤਾ ਅਤੇ ਹਰ ਵਾਰ ਜਿੱਤ ਕੇ ਵਾਪਸ ਆਈ।