ਮੋਰਿੰਡਾ 14 ਅਗਸਤ ( ਭਟੋਆ )
ਨਜ਼ਦੀਕੀ ਪਿੰਡ ਮੜੌਲੀ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਗੁੱਗਾ ਮਾੜੀ ਉੱਤੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਜਿਸ ਵਿੱਚ 250 ਤੋਂ ਵੱਧ ਪਹਿਲਵਾਨਾਂ ਨੇ ਆਪੋ ਆਪਣੇ ਜੌਹਰ ਦਿਖਾਏ । ਵੱਡੀ ਝੰਡੀ ਦੀ ਕੁਸ਼ਤੀ ਪ੍ਰਦੀਪ ਜ਼ੀਰਕਪੁਰ ਅਤੇ ਉਮੇਸ਼ ਮਥਰਾ ਵਿਚਕਾਰ ਬਰਾਬਰ ਰਹੀ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ: ਕਰਨੈਲ ਸਿੰਘ ਮਾਨ ਨੇ ਦੱਸਿਆ ਕਿ ਗਰਾਮ ਪੰਚਾਇਤਾਂ ਮੜੌਲੀ ਕਲਾਂ ਅਤੇ ਮੜੌਲੀ ਖ਼ੁਰਦ ਵੱਲੋਂ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਕਰਵਾਏ ਗਏ ਗੁੱਗਾ ਮਾੜੀ ਦੇ ਮੇਲੇ ਤੇ ਛਿੰਝ ਮੌਕੇ ਤੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ ਚਰਨਜੀਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਝੰਡੀ ਦੀ ਕੁਸ਼ਤੀ ਦੀ ਸ਼ੁਰੂਆਤ ਕਰਵਾਈ। ਸ: ਕਰਨੈਲ ਸਿੰਘ ਮਾਨ ਨੇ ਦੱਸਿਆ ਕਿ ਛੋਟੀ ਝੰਡੀ ਦੀ ਕੁਸ਼ਤੀ ਕਮਲਜੀਤ ਸਿੰਘ ਡੂਮਛੇੜੀ ਅਤੇ ਧਰਮਿੰਦਰ ਸਿੰਘ ਕੋਟਲੀ ਦਰਮਿਆਨ ਹੋਈ ,ਜਿਸ ਵਿਚ ਧਰਮਿੰਦਰ ਸਿੰਘ ਕੋਟਲੀ ਜੇਤੂ ਰਿਹਾ । ਇਸੇ ਤਰ੍ਹਾਂ ਇੱਕ ਲੱਖ ਰੁਪਏ ਦੇ ਇਨਾਮ ਵਾਲੀ ਝੰਡੀ ਦੀ ਕੁਸ਼ਤੀ ਲਈ ਮੁਕਾਬਲਾ ਭੁਪਿੰਦਰ ਸਿੰਘ ਅਜਨਾਲਾ ਤੇ ਸੋਨੂੰ ਦਿੱਲੀ ਦਰਮਿਆਨ ਹੋਇਆ । ਬੜੇ ਹੀ ਰੌਚਿਕ ਅਤੇ ਫਸਵੇਂ ਮੁਕਾਬਲੇ ਦੌਰਾਨ ਭੁਪਿੰਦਰ ਸਿੰਘ ਅਜਨਾਲਾ ਨੇ ਸੋਨੂੰ ਦਿੱਲੀ ਨੂੰ ਹਰਾ ਕੇ 01 ਲੱਖ ਰੁਪਏ ਦਾ ਇਨਾਮ ਜਿੱਤਿਆ । ਜਦ ਕਿ ਵੱਡੀ ਝੰਡੀ ਦੀ 1.5 ਲੱਖ ਰੁਪਏ ਦੇ ਇਨਾਮ ਵਾਲੀ ਕੁਸ਼ਤੀ ਲਈ ਪਰਦੀਪ ਜ਼ੀਰਕਪੁਰ ਤੇ ਉਮੇਸ਼ ਮਥੁਰਾ ਦਰਮਿਆਨ ਹੋਏ ਜ਼ਬਰਦਸਤ ਮੁਕਾਬਲੇ ਵਿੱਚ ਇਹ ਦੋਨੋਂ ਪਹਿਲਵਾਨ ਬਰਾਬਰ ਰਹੇ ।
ਇਸ ਮੌਕੇ ਤੇ ਬੋਲਦਿਆਂ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡ ਪੱਧਰ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਨਵੀਂ ਖੇਡ ਨੀਤੀ ਲੈ ਕੇ ਆ ਰਹੀ ਹੈ ਜਿਸ ਤਹਿਤ ਪੇਂਡੂ ਖਿਡਾਰੀਆਂ ਲਈ ਜਿੱਥੇ ਵਧੀਆ ਖੇਡ ਸਟੇਡੀਅਮ ਬਣਾਏ ਜਾਣਗੇ ਉੱਥੇ ਉਨ੍ਹਾਂ ਨੂੰ ਖੇਡਾਂ ਦਾ ਪੂਰਾ ਸਾਮਾਨ ਮੁਹੱਈਆ ਕਰਵਾ ਕੇ ਆਧੁਨਿਕ ਤਕਨੀਕਾਂ ਰਾਹੀਂ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਖਿਡਾਰੀ ਪਿੰਡ ਪੱਧਰ ਤੋਂ ਉੱਠ ਕੇ ਦੇਸ਼ ਵਿਦੇਸ਼ ਵਿੱਚ ਵੀ ਆਪਣੀ ਖੇਡ ਕਲਾ ਦੇ ਜੌਹਰ ਦਿਖਾ ਸਕਣ । ਉਨ੍ਹਾਂ ਪਿੰਡ ਮੜੌਲੀ ਕਲਾਂ , ਮੜੌਲੀ ਖੁਰਦ ਅਤੇ ਪਰਵਾਸੀ ਭਾਰਤੀਆਂ ਦੀ ਹਰ ਸਾਲ ਗੁੱਗਾ ਮਾੜੀ ਤੇ ਕੁਸ਼ਤੀ ਦੰਗਲ ਕਰਵਾਉਣ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਦੇ ਇਹ ਯਤਨ ਜਿੱਥੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਸਹਾਈ ਹੋਣਗੇ , ਉੱਥੇ ਹੀ ਨੌਜਵਾਨ ਪੀੜ੍ਹੀ ਮਾਨਸਿਕ ਅਤੇ ਸਰੀਰਕ ਤੌਰ ਤੇ ਮਜ਼ਬੂਤ ਹੋਵੇਗੀ ।
ਇਸ ਮੌਕੇ ਹੋਰਨਾਂ ਤੋਂ ਬਿਨਾਂ ਸਰਪੰਚ ਬਲਜੀਤ ਸਿੰਘ ਮੜੌਲੀ ਕਲਾਂ, ਸਾਬਕਾ ਸਰਪੰਚ ਕੁਲਦੀਪ ਸਿੰਘ ਮੜੌਲੀ ਖੁਰਦ ,ਗੁਰਮੀਤ ਸਿੰਘ, ਇੰਸਪੈਕਟਰ ਸੁਰਜੀਤ ਸਿੰਘ ਮਾਹਲ ,ਸ੍ਰੀ ਅਮਰਾਓ ਸਿੰਘ ਇਟਲੀ ਸਰਪੰਚ ਮੇਵਾ ਸਿੰਘ , ਹਰਨੇਕ ਸਿੰਘ ,ਮਹਾਂ ਸਿੰਘ ,ਕੁੱਕਾ ਸਿੰਘ ਇਟਲੀ ,ਸੋਮਾ ਸਿੰਘ, ਜਸਪਾਲ ਸਿੰਘ ਕੁਲਵੰਤ ਸਿੰਘ ਤੇ ਦਰਸ਼ਨ ਭਗਤ , ਸਮੇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਸ੍ਰੀ ਐਨ ਪੀ ਰਾਣਾ, ਕੇਵਲ ਜੋਸ਼ੀ, ਜਗਮੋਹਨ ਸਿੰਘ, ਦਰਸ਼ਨ ਸਿੰਘ, ਕੁਲਦੀਪ ਮੰਡੇਰ, ਸੁਖਮਿੰਦਰ ਸਿੰਘ, ਗੁਰਮੀਤ ਸਿੰਘ ਬਾਰੂ, ਜੱਸੀ ਛੋਟੀ ਮੜੌਲੀ, ਬਰਿੰਦਰਜੀਤ ਸਿੰਘ ਪੀਏ, ਕੁਲਦੀਪ ਸਿੰਘ ਖੇੜੀ, ਹਰਜੀਤ ਸਿੰਘ ਜੀਤੀ ਰਤਨਗੜ੍ਹ , ਰਣਵੀਰ ਸਿੰਘ ਬੰਟੀ ਸਾਬਕਾ ਸਰਪੰਚ ਕੋਟਲਾ , ਬੰਤ ਸਿੰਘ ਬਡਵਾਲੀ , ਨਿਰਮਲਪ੍ਰੀਤ ਸਿੰਘ, ਪਰਮਿੰਦਰ ਸਿੰਘ ਜਪਾਨੀ, ਕਮਲ ਸਿੰਘ ਗੋਪਾਲ ਪੁਰ ਮੀਡੀਆ ਇੰਚਾਰਜ ਵੀ ਹਾਜ਼ਰ ਸਨ।