ਮੋਹਾਲੀ, 9 ਅਗਸਤ : ਦੇਸ਼ ਕਲਿੱਕ ਬਿਓਰੋ
ਕੋਰੋਨਾ, ਡੇਂਗੂ ਅਤੇ ਬਰਸਾਤ ਦੇ ਮੌਸਮ ਵਿਚ ਹੋਣ ਵਾਲੀਆਂ ਹੋਰ ਬੀਮਾਰੀਆਂ ਦੇ ਸਨਮੁਖ ਜ਼ਿਲ੍ਹਾ ਸਿਹਤ ਵਿਭਾਗ ਨੇ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਦਸਿਆ ਕਿ 24 ਘੰਟੇ ਚੱਲਣ ਵਾਲੇ ਕੰਟਰੋਲ ਰੂਮ ਵਿਚ ਸਿਹਤ ਵਿਭਾਗ ਦਾ ਸਟਾਫ਼ ਤੈਨਾਤ ਰਹੇਗਾ ਜੋ ਟੈਲੀਫ਼ੋਨ ’ਤੇ ਉਕਤ ਬੀਮਾਰੀਆਂ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣੇਗਾ ਅਤੇ ਢੁਕਵਾਂ ਹੱਲ ਸੁਝਾਏਗਾ। ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਕੋਈ ਵੀ ਵਿਅਕਤੀ ਉਕਤ ਬੀਮਾਰੀਆਂ ਸਬੰਧੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੰਟਰੋਲ ਰੂਮ ਦੇ ਨੰਬਰ 62391-16649 ’ਤੇ ਫ਼ੋਨ ਕਰ ਕੇ ਜਾਣਕਾਰੀ ਲੈ ਸਕਦਾ ਹੈ ਜਾਂ ਸੂਚਨਾ ਦੇ ਸਕਦਾ ਹੈ।
ਉਨ੍ਹਾਂ ਦਸਿਆ ਕਿ ਬਰਸਾਤ ਦੇ ਮੌਸਮ ਵਿਚ ਡਾਇਰੀਆ ਦੇ ਮਰੀਜ਼ ਆਮ ਤੌਰ ’ਤੇ ਵੱਧ ਜਾਂਦੇ ਹਨ ਜਿਸ ਕਾਰਨ ਜੇ ਡਾਇਰੀਆ ਦਾ ਕੋਈ ਗੰਭੀਰ ਮਰੀਜ਼ ਹੈ ਤਾਂ ਉਹ ਇਸ ਨੰਬਰ ’ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦਸਿਆ ਕਿ ਫ਼ੋਨ ਕਰਨ ਵਾਲੇ ਮਰੀਜ਼ਾਂ ਜਾਂ ਹੋਰ ਲੋਕਾਂ ਨੂੰ ਮੌਕੇ ’ਤੇ ਹੀ ਢੁਕਵੀਂ ਜਾਣਕਾਰੀ ਦਿਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਵਿਅਕਤੀ ਦੁਆਰਾ ਮੰਗੀ ਗਈ ਸੂਚਨਾ ਦਾ ਜਵਾਬ ਕੰਟਰੋਲ ਰੂਮ ਵਿਚ ਡਿਊਟੀ ’ਤੇ ਮੌਜੂਦ ਸਟਾਫ਼ ਕੋਲ ਨਾ ਹੋਇਆ ਤਾਂ ਉਸ ਨੂੰ ਤੈਅ ਸਮੇਂ ਅੰਦਰ ਵਾਪਸ ਫ਼ੋਨ ਕਰ ਕੇ ਜਵਾਬ ਦਿਤਾ ਜਾਵੇਗਾ।