ਬੂਥਗੜ੍ਹ, 29 ਜੁਲਾਈ , ਦੇਸ਼ ਕਲਿੱਕ ਬਿਓਰੋ :
ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਤੇ ਇਸ ਅਧੀਨ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਸਮਾਗਮ ਕਰਵਾਏ ਗਏ। ਪੀ.ਐਚ.ਸੀ. ਬੂਥਗੜ੍ਹ ਵਿਖੇ ਹੋਏ ਸਮਾਗਮ ਵਿਚ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਅਰੁਣ ਬਾਂਸਲ ਨੇ ਇਸ ਬੀਮਾਰੀ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਹੈਪੇਟਾਈਟਸ ਜਿਗਰ ਦੀ ਸੋਜਸ਼ ਹੁੰਦੀ ਹੈ ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਹੈਪੇਟਾਈਟਸ ਪੰਜ ਕਿਸਮ ਦਾ ਹੁੰਦਾ ਹੈ। ਇਸ ਦੇ ਮੁੱਖ ਕਾਰਨਾਂ ਵਿਚ ਦੂਸ਼ਿਤ ਪਾਣੀ ਪੀਣਾ ਜਾਂ ਦੂਸ਼ਿਤ ਖਾਣਾ ਖਾਣਾ, ਅਸੁਰੱਖਿਅਤ ਇੰਜੈਕਸ਼ਨ ਜਾਂ ਸਰਿੰਜਾਂ ਰਾਹੀਂ ਨਸ਼ਾ ਕਰਨਾ, ਅਸੁਰੱਖਿਅਤ ਜਿਸਮਾਨੀ ਸਬੰਧ, ਸ਼ਰਾਬ ਦੀ ਬਹੁਤ ਜ਼ਿਆਦਾ ਵਰਤੋਂ, ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ ਆਦਿ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਇਹ ਬੀਮਾਰੀ ਜਿਸ ਨੂੰ ਆਮ ਤੌਰ ’ਤੇ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਵਾਇਰਲ ਇਨਫ਼ੈਕਸ਼ਨ ਕਾਰਨ ਹੁੰਦੀ ਹੈ ਪਰ ਇਸ ਦੇ ਹੋਰ ਕਾਰਨ ਵੀ ਹੋ ਸਕਦੇ ਹਨ। ਇਸ ਦਾ ਇਲਾਜ ਇਸ ਗੱਲ ’ਤੇ ਨਿਰਭਰ ਹੈ ਕਿ ਵਿਅਕਤੀ ਨੂੰ ਕਿਹੜਾ ਹੈਪੇਟਾਈਟਸ ਹੈ। ਡਾ. ਬਾਂਸਲ ਨੇ ਕਿਹਾ ਕਿ ਵਾਇਰਲ ਇਨਫ਼ੈਕਸ਼ਨ ਨੂੰ ਹੈਪੇਟਾਈਟਸ ਵਜੋਂ ਵਰਗੀਕ੍ਰਿਤ ਕੀਤਾ ਜਾਦਾ ਹੈ ਜਿਸ ਵਿਚ ਏ, ਬੀ, ਸੀ, ਡੀ ਅਤੇ ਈ ਸ਼ਾਮਲ ਹੈ। ਹੈਪੇਟਾਈਟਸ ਏ ਇਨਫ਼ੈਕਸ਼ਨ ਜਾਂ ਲਾਗ ਰਾਹੀਂ ਹੁੰਦਾ ਹੈ। ਇਸ ਦੇ ਲੱਛਣਾਂ ਵਿਚ ਥਕਾਵਟ, ਕਮਜ਼ੋਰੀ, ਗਾੜ੍ਹਾ ਖ਼ੂਨ, ਫ਼ਲੂ, ਢਿੱਡ ਵਿਚ ਦਰਦ, ਭਾਰ ਦਾ ਘਟਣਾ, ਭੁੱਖ ਨਾ ਲੱਗਣੀ, ਚਮੜੀ ਅਤੇ ਅੱਖਾਂ ਦਾ ਪੀਲੀਆਂ ਪੈ ਜਾਣਾ ਆਦਿ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹੈਪੇਟਾਈਟਸ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਬਹੁਤ ਜ਼ਰੂਰੀ ਹੈ। ਇਸ ਤੋਂ ਬਚਣ ਲਈ ਹੱਥ ਚੰਗੀ ਤਰ੍ਹਾਂ ਧੋਵੋ, ਖਾਣੇ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ, ਪਾਣੀ ਉਬਾਲ ਕੇ ਪੀਉ, ਪਹਿਲਾਂ ਵਰਤੇ ਹੋਏ ਇੰਜੈਕਸ਼ਨ ਦੀ ਸੂਈ, ਕਿਸੇ ਹੋਰ ਦਾ ਰੇਜ਼ਰ ਜਾਂ ਬਲੇਡ ਨਾ ਵਰਤੋ, ਸੁਰੱਖਿਅਤ ਜਿਮਸਾਨੀ ਸਬੰਧ ਬਣਾਓ, ਕੰਡੋਮ ਦੀ ਵਰਤੋਂ ਕਰੋ, ਖ਼ੂਨ ਅਤੇ ਖ਼ੂਨ ਤੋਂ ਬਣੇ ਉਤਪਾਦ ਸਿਰਫ਼ ਲਾਇੰਸਸ ਪ੍ਰਾਪਤ ਬਲੱਡ ਬੈਂਕ ਤੋਂ ਹੀ ਪ੍ਰਾਪਤ ਕਰੋ ਅਤੇ ਬੱਚੇ ਨੂੰ ਜਨਮ ਸਮੇਂ ਹੈਪੇਟਾਈਟਸ ਬੀ ਦਾ ਟੀਕਾ ਜ਼ਰੂਰ ਲਗਵਾਓ। ਇਸ ਬੀਮਾਰੀ ਦੀ ਜਾਂਚ ਅਤੇ ਇਲਾਜ ਜ਼ਿਲ੍ਹਾ ਹਸਪਤਾਲਾਂ ਵਿਚ ਮੁਫ਼ਤ ਹੁੰਦਾ ਹੈ।
ਇਸ ਮੌਕੇ ਡਾ. ਸਿਮਨ ਢਿੱਲੋਂ, ਐਕਸਟੈਂਸ਼ਨ ਐਜੂਕੇਟਰ ਬਲਜਿੰਦਰ ਸੈਣੀ, ਐਲ.ਐਚ.ਵੀ. ਕੁਲਦੀਪ ਕੌਰ, ਹੈਲਥ ਇੰਸਪੈਕਟਰ ਗੁਰਤੇਜ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।