ਕਿਸੇ ਵੀ ਉਮਰ ਦਾ ਵਿਅਕਤੀ ਆ ਸਕਦਾ ਹੈ ਇਸ ਗੰਭੀਰ ਬੀਮਾਰੀ ਦੀ ਲਪੇਟ ਵਿਚ ਪਰ ਘਬਰਾਉਣ ਦੀ ਲੋੜ ਨਹੀਂ
ਮੋਹਾਲੀ, 29 ਜੁਲਾਈ : ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਸਿਹਤ ਵਿਭਾਗ ਨੇ ਮੰਕੀਪਾਕਸ ਬੀਮਾਰੀ ਦੇ ਲੱਛਣਾਂ, ਕਾਰਨਾਂ ਅਤੇ ਬਚਾਅ ਸਬੰਧੀ ਸਲਾਹਕਾਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਭਾਵੇਂ ਦੇਸ਼ ਵਿਚ ਮੰਕੀਪਾਕਸ ਵਾਇਰਸ ਦਾ ਖ਼ਤਰਾ ਵਧ ਰਿਹਾ ਹੈ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਜੇ ਇਸ ਬੀਮਾਰੀ ਦੇ ਲੱਛਣਾਂ, ਕਾਰਨਾਂ ਅਤੇ ਬਚਾਅ ਬਾਰੇ ਜਾਣਕਾਰੀ ਹੋਵੇ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਇਹ ਲਾਗ ਦਾ ਗੰਭੀਰ ਰੋਗ ਹੈ। ਇਸ ਬੀਮਾਰੀ ਦੇ ਲੱਛਣ ਚੇਚਕ ਵਰਗੇ ਹੀ ਹੁੰਦੇ ਹਨ। ਕਿਸੇ ਵੀ ਉਮਰ ਦੇ ਵਿਅਕਤੀ ਨੂੰ ਇਹ ਬੀਮਾਰੀ ਹੋ ਸਕਦੀ ਹੈ।
ਲੱਛਣ
ਤੇਜ਼ ਬੁਖ਼ਾਰ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਉਤੇ ਦਾਣੇ-ਚਿਹਰੇ ਤੋਂ ਸ਼ੁਰੂ ਹੋ ਕੇ ਹੱਥਾਂ, ਪੈਰਾਂ, ਹਥੇਲੀਆਂ ਤਕ, ਥਕਾਵਟ, ਗਲੇ ਵਿਚ ਖਾਰਸ਼, ਖੰਘ, ਸਿਰਦਰਦ
ਕਿਵੇਂ ਫੈਲਦੀ ਹੈ
ਪੀੜਤ ਵਿਅਕਤੀ ਨਾਲ ਲੰਮੇ ਸਮੇਂ ਤਕ ਸੰਪਰਕ ਵਿਚ ਰਹਿਣ, ਪੀੜਤ ਵਿਅਕਤੀ ਦੀ ਲਾਰ ਜਾਂ ਸਰੀਰ ਵਿਚੋਂ ਨਿਕਲੇ ਤਰਲ ਪਦਾਰਥ ਦੇ ਸੰਪਰਕ ਵਿਚ ਆਉਣ ’ਤੇ, ਲਾਗ ਲੱਕ, ਕੰਨ, ਅੱਖਾਂ ਜਾਂ ਮੂੰਹ ਰਾਹੀਂ ਵੀ ਦਾਖ਼ਲ ਹੋ ਸਕਦੀ ਹੈ। ਕਈ ਮਰੀਜ਼ਾਂ ਵਿਚ ਦੋ ਹਫ਼ਤੇ, ਜਦਕਿ ਕਈਆਂ ਵਿਚ 4 ਹਫ਼ਤੇ ਤਕ ਇਨਫ਼ੈਕਸ਼ਨ ਰਹਿ ਸਕਦੀ ਹੈ। ਬੱਚਿਆਂ ਦੇ ਲੰਮੇ ਸਮੇਂ ਤਕ ਪੀੜਤ ਰਹਿਣ ਦਾ ਖ਼ਦਸ਼ਾ ਹੁੰਦਾ ਹੈ।
ਇਲਾਜ ਅਤੇ ਬਚਾਅ
ਇਸ ਬੀਮਾਰੀ ਦੇ ਲੱਛਣਾਂ ਜਿਵੇਂ ਬੁਖ਼ਾਰ, ਦਰਦ, ਜਲਨ ਜਾਂ ਨਿਊਨੀਆ ਆਦਿ ਦਾ ਇਲਾਜ ਕੀਤਾ ਜਾਂਦਾ ਹੈ। ਰੋਗੀ ਦੇ ਬਿਸਤਰੇ ਅਤੇ ਹੋਰ ਚੀਜ਼ਾਂ ਨੂੰ ਸਾਂਝਾ ਨਾ ਕਰੋ। ਹੱਥ ਹਮੇਸ਼ਾ ਸਾਫ਼ ਰੱਖੋ। ਅੱਖ, ਨੱਕ, ਕੰਨ, ਚਿਹਰੇ ਨੂੰ ਵਾਰ ਵਾਰ ਨਾ ਛੂਹੋ। ਲੱਛਣ ਦਿਸਦੇ ਹੀ ਅਪਣੇ ਆਪ ਨੂੰ ਵੱਖ ਕਰ ਲਉ। ਸੰਤੁਲਿਤ ਖ਼ੁਰਾਕ ਖਾਉ। ਪੀੜਤ ਵਿਅਕਤੀ ਦੇ ਨੇੜੇ ਨਾ ਜਾਉ। ਜੇ ਜਾਣਾ ਹੈ ਤਾਂ ਪੀ.ਪੀ.ਪੀ. ਕਿੱਟ ਅਤੇ ਮਾਸਕ ਪਾ ਕੇ। ਬੀਮਾਰੀ ਦੇ ਕਾਰਨਾਂ, ਲੱਛਣਾਂ ਅਤੇ ਬਚਾਅ ਬਾਰੇ ਲੋਕਾਂ ਨੂੰ ਜਾਗਰੂਕ ਕਰੋ।