ਡੀ-ਵਾਰਮਿੰਗ ਡੇਅ: ਵਧੀਕ ਡਿਪਟੀ ਕਮਿਸ਼ਨਰ
ਮਾਨਸਾ, 26 ਜੁਲਾਈ: ਦੇਸ਼ ਕਲਿੱਕ ਬਿਓਰੋ
ਸਿਹਤ ਵਿਭਾਗ ਵੱਲੋਂ 10 ਅਗਸਤ 2022 ਨੂੰ ਡੀ-ਵਾਰਮਿੰਗ ਡੇਅ ਅਤੇ 17 ਅਗਸਤ, 2022 ਨੂੰ ਮੋਪ-ਅੱਪ ਡੇਅ ਮਨਾਇਆ ਜਾ ਰਿਹਾ ਹੈ, ਜਿਸ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਟੀ-ਬੈਨਿਥ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ ਹੋਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਨੂੰ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਛੁਟਕਾਰਾ ਦਿਵਾਉਣ ਲਈ ਡੀ-ਵਾਰਮਿੰਗ ਡੇਅ ਮਨਾਇਆ ਜਾ ਰਿਹਾ ਹੈ। ਇਸ ਦਿਨ ਸਕੂਲਾਂ (ਪਹਿਲੀ ਤੋਂ ਬਾਰ੍ਹਵੀਂ ਕਲਾਸ) ਆਂਗਨਵਾੜੀ, ਪ੍ਰਾਈਵੇਟ, ਮਾਨਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਅਤੇ ਘਰਾਂ ਵਿਚ ਰਹਿ ਰਹੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਛੁਟਕਾਰਾ ਦਿਵਾਉਣ ਲਈ ਪੂਰੇ ਜ਼ਿਲ੍ਹੇ ਵਿਚ ਐਲਬੀਡਾਜੋਲ ਦੀ ਗੋਲੀ ਖੁਆਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ ਜੋ ਬੱਚੇ ਕਿਸੇ ਕਾਰਨ ਦਵਾਈ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਨੂੰ 17 ਅਗਸਤ, 2022 ਨੂੰ ਮੋਪ ਅੱਪ ਡੇਅ ’ਤੇ ਪੇਟ ਦੇ ਕੀੜਿਆਂ ਦੀ ਗੋਲੀ ਖੁਆਈ ਜਾਵੇਗੀ।
ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਆਦੇਸ਼ ਦਿੱਤੇ ਕਿ ਸਕੂਲਾਂ ਵਿਚ 100 ਫ਼ੀਸਦੀ ਬੱਚਿਆਂ ਨੂੰ ਕਵਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿਚ 1-5 ਸਾਲ ਤੱਕ ਦੇ ਬੱਚਿਆਂ ਅਤੇ ਸਕੂਲੋਂ ਵਾਂਝੇ ਕਿਸ਼ੋਰੀਆਂ ਦੀ 100 ਫ਼ੀਸਦੀ ਕਵਰੇਜ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਸੀ.ਡੀ.ਪੀ.ਓ. ਦੁਆਰਾ ਆਪਣੇ ਆਪਣੇ ਏਰੀਆ ਦੀ ਮੋਨੀਟਰਿੰਗ ਕੀਤੀ ਜਾਵੇ।
ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਬਲਾਕ ਐਜੂਕੇਟਰਾਂ ਨੂੰ ਆਪਣੇ ਆਪਣੇ ਅਧੀਨ ਆਉਣ ਵਾਲੇ ਸਕੂਲਾਂ, ਭੱਠੇ, ਸਲੱਮ ਏਰੀਆ ਅਤੇ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਯਕੀਨੀ ਬਣਾਉਣ ਲਈ ਕਿਹਾ।
ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਰੂਬੀ ਚੌਧਰੀ, ਡਾ. ਹਰਚੰਦ ਸਿੰਘ, ਡਾ. ਗੁਰਚੇਤਨ ਪ੍ਰਕਾਸ਼, ਡਾ. ਰਣਜੀਤ ਸ਼ਰਮਾ, ਸੀ.ਡੀ.ਪੀ.ਓ. ਹਰਜਿੰਦਰ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਅਵਤਾਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਨਦੀਪ ਕੁਮਾਰ ਮੌਜੂਦ ਸਨ।