3 ਬੀ 2 ਦੇ ਮੰਦਰ ‘ਚ ਪਈ ਤੀਆਂ ਦੀ ਧਮਾਲ
ਮੋਹਾਲੀ: 24 ਜੁਲਾਈ, ਦੇਸ਼ ਕਲਿੱਕ ਬਿਓਰੋ
ਵੂਮੈਨ ਵੈਲਫੇਅਰ ਐਸੋਸੀਏਸ਼ਨ 3 ਬੀ 2 ਵੱਲੋਂ ”ਤੀਆਂ ਤੀਜ ਦੀਆਂ” ਤਿਓਹਾਰ ਪੂਰੇ ਧੂਮ ਧਾਮ ਤੇ ਹੁਲਾਸ ਨਾਲ ਮਨਾਇਆ ਗਿਆ।
ਫੇਜ਼ 3 ਬੀ2 ਦੇ ਹਨੂੰਮਾਨ ਮੰਦਰ ਵਿੱਚ ਹੋਏ ਤੀਜ ਦੇ ਇਸ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ। ਤੀਜ ‘ਚ ਗਿੱਧਾ, ਮਿਸ ਤੀਜ ਮੁਕਾਬਲਾ, ਸੋਲੋ, ਕੋਰੀਓਗ੍ਰਾਫੀ, ਵਿਰਾਸਤੀ ਗੀਤ ਤੇ ਬੋਲੀਆਂ ਸ਼ਾਮਲ ਸਨ। ਸੁਰਿੰਦਰ ਧਾਲੀਵਾਲ, ਪੁਸ਼ਪਿੰਦਰ ਥਿੰਦ, ਪਿੱਕੀ ਔਲਖ ਅਤੇ ਜਗਜੀਤ ਸਿੱਧੂ ਦੀ ਅਗਵਾਈ ਵਿੱਚ ਪਹਿਲਾਂ ਇੱਕ ਘੰਟਾ ਗਿੱਧੇ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਮਿਸ ਤੀਜ ਮੁਕਾਬਲੇ ਵਿੱਚ ਕਰਮਜੀਤ ਕੌਰ ਪਹਿਲੇ, ਸਿਮਰਤ ਗਿੱਲ ਦੂਜੇ ਅਤੇ ਰਜਨੀ ਤੀਜੇ ਸਥਾਨ ‘ਤੇ ਰਹੀ। ਇਸ ਮੌਕੇ ਪੰਜਾਬੀ ਅਖੌਤਾਂ, ਮੁਹਾਵਰੇ ਅਤੇ ਬੁਝਾਰਤਾਂ ਦੇ ਮੁਕਾਬਲਿਆਂ ਰਾਹੀਂ ਵੀ ਆਮ ਸੂਝ ਬੂਝ ਦੀ ਪਰਖ ਕੀਤੀ ਗਈ ਜੋ ਬਹੁਤ ਹੀ ਰੌਚਕ ਪ੍ਰੋਗਰਾਮ ਹੋ ਨਿੱਬੜਿਆ। ਐਸੋਸੀਏਸ਼ਨ ਵੱਲੋਂ ਵੱਖ ਵੱਖ ਵੰਨਗੀਆਂ ਵਿੱਚ ਜੇਤੂਆਂ ਦਾ ਸਨਮਾਨ ਵੀ ਕੀਤਾ ਗਿਆ।(MOREPIC1)
ਫਿਰ ਵਾਰੀ ਆਈ ਗਿੱਧੇ ‘ਚ ਬੋਲੀਆਂ ਪਾ ਕੇ ਧਮਾਲਾਂ ਪਾਉਣ ਦੀ। ਸੁਰਿੰਦਰ ਧਾਲੀਵਾਲ ਨੇ ‘ਸਾਉਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ, ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ‘..ਅਤੇ ਪਿੱਕੀ ਔਲਖ ਨੇ ”ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ..‘ਬੋਲੀਆਂ ਪਾ ਕੇ ਗਿੱਧੇ ਨੂੰ ਸਿਖਰ ‘ਤੇ ਪਹੁੰਚਾ ਦਿੱਤਾ।
ਇਸ ਮੌਕੇ ਵੋਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਤੀਜ ਮਨਾਉਣ ਦੀ ਤਿਆਰੀ ਵਿੱਚ ਸ਼ਾਮਲ ਮੁੱਖ ਪ੍ਰਬੰਧਕਾਂ ‘ਚ ਜਗਜੀਤ ਕੌਰ, ਪੁਸ਼ਪਿੰਦਰ ਥਿੰਦ, ਪਿੱਕੀ ਔਲ਼ਖ, ਸੁਰਿੰਦਰ ਧਾਲੀਵਾਲ, ਰਾਜਵਿੰਦਰ ਗਿੱਲ, ਨੀਲਮ, ਤਜਿੰਦਰ, ਕਮਲਜੀਤ, ਰਮਨ, ਨੀਤੂ ਗੋਇਲ ਅਤੇ ਰਾਜੀ ਸਨ।