ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 22 ਜੁਲਾਈ, 2022: ਸਿਵਲ ਸਰਜਨ ਡਾ. ਪਰਮਿੰਦਰ ਕੌਰ ਵੱਲੋਂ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡੇਂਗੂ ਅਤੇ ਮਲੇਰੀਆ ਬੁਖਾਰ ਤੋਂ ਬਚਾਅ ਲਈ ਗਤੀਵਿਧੀਆਂ ਤੇਜ ਕਰਨ ਦੀ ਹਦਾਇਤ ਕੀਤੀ ਗਈ ਹੈ।
ਡਾ. ਪਰਮਿੰਦਰ ਤੌਰ ਨੇ ਕਿਹਾ ਕਿ ਡੇਂਗੂ ਬੁਖਾਰ ਏਡੀਜ਼ ਨਾਂਅ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਤੇ ਜ਼ਿਆਦਾਤਰ ਦਿਨ ਦੇ ਸਮੇਂ ਹੀ ਕੱਟਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਮੱਛਰਾਂ ‘ਤੇ ਕਾਬੂ ਪਾਉਣ ਲਈ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਅਤੇ ਪਾਣੀ ਨੂੰ ਕਿਧਰੇ ਵੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਤੇ ਘਰਾਂ ਵਿੱਚ ਕੂਲਰ, ਫਰਿੱਜਾਂ ਦੀਆਂ ਟਰੇਆਂ, ਪੰਛੀਆਂ ਨੂੰ ਪਾਣੀ ਪਾਉਣ ਵਾਲੇ ਕਟੋਰੇ , ਗਮਲੇ ਆਦਿ ਹਰ ਹਫਤੇ ਖਾਲੀ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੋਭਿਆਂ ਵਿਚ ਗੰਬੂਜੀਆ ਮੱਛੀਆਂ ਵੀ ਛੱਡੀਆਂ ਗਈਆਂ ਹਨ ਜੋ ਕਿ ਮੱਛਰ ਦੇ ਲਾਰਵੇ ਨੂੰ ਖਾਂਦੀਆਂ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ ਡੇਂਗੂ ਦਾ ਸਰਵੇ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਇੱਕ ਸੰਚਾਰੀ ਰੋਗ ਹੈ, ਜਿਸ ਦੇ ਮੁੱਖ ਲੱਛਣ ਤੇਜ਼ ਬੁਖਾਰ, ਬਹੁਤ ਜ਼ਿਆਦਾ ਸਰੀਰ ਅਤੇ ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ, ਕਮਜ਼ੋਰੀ, ਭੁੱਖ ਨਾ ਲੱਗਣਾ, ਮੂੰਹ ਦਾ ਸੁਆਦ ਖ਼ਰਾਬ ਹੋਣਾ, ਗਲੇ ਵਿੱਚ ਹਲਕਾ ਦਰਦ ਅਤੇ ਸਰੀਰ ‘ਤੇ ਲਾਲ ਦਾਣੇ ਨਿਕਲਣਾ ਆਦਿ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਅਜਿਹੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੀ ਜਾਂਦੀ ਹੈ। ਇਸ ਮੌਕੇ ਡਾ. ਉਪਾਸਨਾ ਬਿੰਦਰਾ, ਡਾ. ਸਨਵੀਰ ਕੌਰ ਅਤੇ ਹੋਰ ਮਲੇਰੀਆ ਵਿੰਗ ਦੇ ਅਧਿਕਾਰੀ ਕਰਮਚਾਰੀ ਹਾਜ਼ਰ ਸਨ ।