ਟੀਬੀ ਹੋਣ ਜਾਂ ਨਾ ਹੋਣ ਬਾਰੇ ਸਿਰਫ਼ ਦੋ ਘੰਟਿਆਂ ਅੰਦਰ ਲੱਗੇਗਾ ਪਤਾ
ਮੋਹਾਲੀ, 22 ਜੁਲਾਈ , ਦੇਸ਼ ਕਲਿੱਕ ਬਿਓਰੋ
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜ਼ਿਲ੍ਹਾ ਹਸਪਤਾਲ ਤੋਂ ਟੀਬੀ ਕੰਟਰੋਲ ਮੋਬਾਈਲ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਵੈਨ ਹਫ਼ਤਾ ਭਰ ਪੂਰੇ ਜ਼ਿਲ੍ਹੇ ਵਿਚ ਘੁੰਮੇਗੀ ਅਤੇ ਲੋਕਾਂ ਨੂੰ ਮੁਫ਼ਤ ਸੇਵਾਵਾਂ ਦੇਵੇਗੀ। ਵੈਨ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਟੀਬੀ-ਨੈਟ ਮਸ਼ੀਨ ਲੱਗੀ ਹੋਈ ਹੈ ਜੋ ਟੀਬੀ ਜਾਂ ਤਪਦਿਕ ਰੋਗ ਦੇ ਸ਼ੱਕੀ ਮਰੀਜ਼ਾਂ ਦਾ ਪਤਾ ਲਾਏਗੀ। ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਬਲਗਮ ਦੀ ਜਾਂਚ ਕੀਤੀ ਜਾਵੇਗੀ ਜਿਸ ਦਾ ਨਤੀਜਾ ਦੋ ਘੰਟਿਆਂ ਅੰਦਰ ਆ ਜਾਵੇਗਾ ਯਾਨੀ ਦੋ ਘੰਟਿਆਂ ਵਿਚ ਪਤਾ ਚੱਲ ਜਾਵੇਗਾ ਕਿ ਵਿਅਕਤੀ ਨੂੰ ਟੀਬੀ ਹੈ ਜਾਂ ਨਹੀਂ ਜਾਂ ਕਿਹੜੇ ਪੜਾਅ ’ਤੇ ਹੈ। ਸਿਵਲ ਸਰਜਨ ਨੇ ਦਸਿਆ ਕਿ ਵੈਨ ਮੁੱਖ ਤੌਰ ’ਤੇ ਉਨ੍ਹਾਂ ਇਲਾਕਿਆਂ ਵਿਚ ਜਾਏਗੀ ਜਿਥੇ ਟੀਬੀ ਦੇ ਜ਼ਿਆਦਾ ਕੇਸ ਹੋਣ ਦੀ ਸੰਭਾਵਨਾ ਹੈ। ਜਿਹੜੇ ਮਰੀਜ਼ ਨੂੰ ਟੀਬੀ ਹੋਵੇਗੀ, ਉਸ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾਵੇਗਾ। ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਟੀਬੀ ਮੁਕਤ ਭਾਰਤ ਲਈ ਇਹ ਚੰਗਾ ਉਪਰਾਲਾ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰ ਅੱਗੇ ਹੀ ਟੀਬੀ ਜਾਂਚ ਸੇਵਾਵਾਂ ਮਿਲਣਗੀਆਂ। ਉਨ੍ਹਾਂ ਦਸਿਆ ਕਿ ਆਮ ਤੌਰ ’ਤੇ ਬਾਜ਼ਾਰ ਵਿਚ ਸੀਬੀ ਨੈਟ ਮਸ਼ੀਨ ਦਾ ਇਕ ਟੈਸਟ ਕਾਫ਼ੀ ਮਹਿੰਗਾ ਹੁੰਦਾ ਹੈ ਜਦਕਿ ਸਿਹਤ ਵਿਭਾਗ ਲੋਕਾਂ ਨੂੰ ਮੁਫ਼ਤ ਸੇਵਾਵਾਂ ਦੇ ਰਿਹਾ ਹੈ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਘਰ, ਆਂਢ-ਗੁਆਂਢ ਜਾਂ ਰਿਸ਼ਤੇਦਾਰੀ ’ਚ ਟੀਬੀ ਦੇ ਲੱਛਣਾਂ ਵਾਲਾ ਕੋਈ ਵਿਅਕਤੀ ਹੈ ਤਾਂ ਤੁਰੰਤ ਉਸ ਦੀ ਬਲਗਮ ਦੀ ਜਾਂਚ ਇਸ ਮੋਬਾਈਲ ਵੈਨ ਵਿਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਟੀਬੀ ਦਾ ਪੱਕਾ ਇਲਾਜ ਮੌਜੂਦ ਹੈ ਅਤੇ ਇਹ ਬੀਮਾਰੀ ਹੋਣ ’ਤੇ ਘਬਰਾਉਣ ਦੀ ਲੋੜ ਨਹੀਂ। ਹਰ ਸਰਕਾਰੀ ਸਿਹਤ ਸੰਸਥਾ ਵਿਚ ਡਾਟਸ ਪ੍ਰਣਾਲੀ ਰਾਹੀਂ ਇਸ ਦਾ ਬਿਲਕੁਲ ਮੁਫ਼ਤ ਇਲਾਜ ਹੁੰਦਾ ਹੈ। ਟੀਬੀ ਦੇ ਲੱਛਣਾਂ ਬਾਰੇ ਉਨ੍ਹਾਂ ਦਸਿਆ ਕਿ ਦੋ ਹਫ਼ਤਿਆਂ ਤੋਂ ਖੰਘ, ਵਜ਼ਨ ਘਟਣਾ, ਭੁੱਖ ਘੱਟ ਲੱਗਣੀ, ਬਲਗਮ ਵਿਚ ਖ਼ੂਨ ਆਉਣਾ, ਸ਼ਾਮ ਸਮੇਂ ਬੁਖ਼ਾਰ, ਥਕਾਵਟ ਮਹਿਸੂਸ ਹੋਣੀ, ਵਾਰ ਵਾਰ ਪਸੀਨਾ ਆਉਣਾ ਟੀਬੀ ਦੇ ਸੰਕੇਤ ਅਤੇ ਲੱਛਣ ਹੋ ਸਕਦੇ ਹਨ। ਫੇਫੜਿਆਂ ਦੀ ਟੀਬੀ ਤੋਂ ਇਲਾਵਾ ਇਹ ਬੀਮਾਰੀ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦੀ ਹੈ। ਜਦ ਸਾਡੇ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਤਾਂ ਅਜਿਹੀ ਬੀਮਾਰੀ ਲੱਗਣ ਦੀ ਸੰਭਾਵਨਾ ਬਣ ਜਾਂਦੀ ਹੈ।
ਇਸ ਮੌਕੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਨਵਦੀਪ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਾਜ ਰਾਣੀ, ਲੈਬ ਸੁਪਰਵਾਇਜ਼ਰ ਸੰਧਿਆ ਸ਼ਰਮਾ, ਨੀਰਜ ਰਾਣੀ ਆਦਿ ਵੀ ਮੌਜੂਦ ਸਨ।