ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ/ਕੋਹਰੀਆਂ, 30 ਜੂਨ, 2022 : ਸਿਵਲ ਸਰਜਨ ਡਾ. ਪਰਮਿੰਦਰ ਕੌਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ ਦੀ ਅਗਵਾਈ 'ਚ ਵਿਸ਼ਵ ਅਬਾਦੀ ਦਿਵਸ 11 ਜੁਲਾਈ ਦੇ ਸਬੰਧੀ ਦੰਪਤੀ ਸੰਪਰਕ ਪੰਦਰਵਾੜਾ ਤੇ ਆਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਪੀ ਐੱਚ ਸੀ ਕੌਹਰੀਆਂ ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਿਤੀ 27 ਜੂਨ ਤੋਂ 10 ਜੁਲਾਈ ਤਕ ਦੰਪਤੀ ਸੰਪਰਕ ਪੰਦਰਵਾੜਾ ਅਤੇ ਮਿਤੀ 11 ਜੁਲਾਈ ਤੋਂ 24 ਜੁਲਾਈ ਤਕ ਆਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਪਹਿਲੇ ਪੰਦਰਵਾੜਾ ਵਿਚ ਸਿਹਤ ਵਿਭਾਗ ਦੇ ਸਾਰੇ ਸਟਾਫ਼ ਵੱਲੋਂ ਯੋਗ ਜੋੜਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਤਕ ਪਹੁੰਚ ਕਰਕੇ ਉਨ੍ਹਾਂ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਸਾਧਨਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਸੰਪੂਰਨ ਪਰਿਵਾਰ ਵਾਲਿਆਂ ਨੂੰ ਦੂਜੇ ਪੰਦਰਵਾੜੇ ਅਧੀਨ ਲੱਗਣ ਵਾਲੇ ਪਰਿਵਾਰ ਨਿਯੋਜਨ ਦੇ ਨਲਬੰਦੀ ਤੇ ਨਸਬੰਦੀ ਦੇ ਅਪੇ੍ਸ਼ਨਾਂ ਦੇ ਕੈਂਪਾਂ ਵਿਚ ਨਲਬੰਦੀ ਜਾਂ ਨਸਬੰਦੀ ਕਰਵਾਉਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਫੀਲਡ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਏਰੀਏ ਵਿਚ ਜਾ ਕੇ ਯੋਗ ਜ਼ੋੜਿਆਂ ਨੂੰ ਵੱਧ ਤੋਂ ਵੱਧ ਪੇ੍ਰਿਤ ਕਰਨ ਤੇ ਪਰਿਵਾਰ ਨਿਯੋਜਨ ਦੇ ਪੱਕੇ ਤੇ ਕੱਚੇ ਸਾਧਨਾਂ ਅਤੇ ਸਰਕਾਰ ਵੱਲੋਂ ਦਿੱਤਾ ਜਾਂਦਾ ਇਨਸੈਂਟਿਵ ਸਬੰਧੀ ਜਾਗਰੂਕ ਕਰਨ।
ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਰਾਹੀਂ ਵਧਦੀ ਹੋਈ ਆਬਾਦੀ ਨੂੰ ਸਥਿਰ ਰੱਖਿਆ ਜਾ ਸਕਦਾ ਹੈ। ਜਿੱਥੇ ਇਸ ਨਾਲ ਪਰਿਵਾਰ ਆਰਥਿਕ ਤੌਰ 'ਤੇ ਮਜ਼ਬੂਤ ਹੋਣਗੇ, ਉੱਥੇ ਹੀ ਦੇਸ਼ ਦੇ ਕੁਦਰਤੀ ਸਾਧਨਾਂ ਦੀ ਵੀ ਸੰਭਾਲ ਹੋਵੇਗੀ। ਇਸ ਦੇ ਨਾਲ ਮਾਵਾਂ ਤੇ ਬੱਚਿਆਂ ਦੀ ਸਿਹਤ ਵੀ ਠੀਕ ਰਹੇਗੀ ਤੇ ਮਾਂ ਦੀ ਮੌਤ ਦਰ ਤੇ ਬੱਚਿਆਂ ਦੀ ਮੌਤ ਦਰ ਘਟੇਗੀ। ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦੀ ਆਬਾਦੀ ਲਗਭਗ 135 ਕਰੋੜ ਹੈ। ਸਾਡੇ ਕੋਲ ਦੁਨੀਆ ਦੀ ਵਸੋਂ ਯੋਗ ਜ਼ਮੀਨ ਦਾ ਸਿਰਫ਼ 2 ਫ਼ੀਸਦੀ ਹੈ ਤੇ ਆਬਾਦੀ 20 ਫ਼ੀਸਦੀ ਹੈ। ਇਸੇ ਤਰ੍ਹਾਂ ਪੀਣ ਯੋਗ ਪਾਣੀ ਸਾਡੇ ਕੋਲ ਸਿਰਫ਼ 4 ਫ਼ੀਸਦੀ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਡੀ ਹਾਲਤ ਕਿਸ ਤਰ੍ਹਾਂ ਦੀ ਹੈ ਤੇ ਭਵਿੱਖ ਵਿਚ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਬੇਰੋਜ਼ਗਾਰੀ, ਅਨਪੜ੍ਹਤਾ, ਕੁਪੋਸ਼ਣ, ਗ਼ਰੀਬੀ ਆਦਿ ਹਰ ਸਮੱਸਿਆ ਦਾ ਮੂਲ ਕਾਰਨ ਵੱਧਦੀ ਜਾ ਰਹੀ ਆਬਾਦੀ ਹੈ। ਇਸ ਕਰਕੇ ਆਬਾਦੀ ਨੂੰ ਕੰਟਰੋਲ ਕਰਨ ਲਈ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਨਾਲ ਸਬੰਧਤ ਤਰੀਕੇ ਜਿਵੇਂ ਅੰਤਰਾ, ਛਾਇਆ, ਪੀਪੀਆਈਯੂਸੀਡੀ, ਕਾਪਰ ਟੀ, ਸੀਸੀ, ਮਾਲਾ ਐਨ ਅਤੇ ਨਲਬੰਦੀ/ਨਸਬੰਦੀ ਆਦਿ ਤਰੀਕੇ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਪਰਿਵਾਰ ਨਿਯੋਜਨ ਸਬੰਧੀ ਸਲਾਹ ਅਤੇ ਸੇਵਾਵਾਂ ਲਈ ਨੇੜੇ ਦੇ ਸਿਹਤ ਕੇਂਦਰ, ਹਸਪਤਾਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ।