ਮੋਰਿੰਡਾ, 11 ਜੂਨ ( ਭਟੋਆ)
ਪੰਜਾਬ ਸਰਕਾਰ ਸਿਹਤ ਸਬੰਧੀ ਸਹੂਲਤਾਂ ਦੇਣ ਲਈ ਲਗਾਤਾਰ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਪਹਿਲੀਆਂ ਸਰਕਾਰਾਂ ਨਾਲੋਂ ਕਾਫੀ ਸੁਧਾਰ ਵੀ ਵੇਖਣ ਨੂੰ ਮਿਲ ਰਿਹਾ ਹੈ। ਪ੍ਰੰਤੂ ਕੁੱਝ ਅਜਿਹੇ ਕਰਮਚਾਰੀ ਤੇ ਡਾਕਟਰ ਹਨ ਜੋ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝਦੇ। ਆਪਣੀਆਂ ਡਿਊਟੀਆਂ ਪੁਰਾਣੀਆਂ ਸਰਕਾਰਾਂ ਦੀਆਂ ਤਰਾਂ ਹੀ ਦਰਜਾ ਚਾਰ ਵਾਲੇ ਮੁਲਾਜਮਾਂ ਤੋਂ ਕਰਵਾ ਰਹੇ ਹਨ। ਜਿਸਦੀ ਅੱਜ ਇੱਕ ਵੀਡੀਓ ਸਾਹਮਣੇ ਆਈ ਹੈ। ਜੋ ਕਿ ਸਰਕਾਰੀ ਹਸਪਤਾਲ ਮੋਰਿੰਡਾ ਦੀ ਹੈ। ਜਿਸ ਵਿੱਚ ਇੱਕ ਦਰਜਾ ਚਾਰ ਕਰਮਚਾਰੀ ਡਾਕਟਰ ਦੀ ਸੀਟ ’ਤੇ ਬੈਠ ਕੇ ਮਰੀਜਾਂ ਨੂੰ ਦਵਾਈਆਂ ਦੇ ਰਿਹਾ ਹੈ ਅਤੇ ਇੱਕ ਮਰੀਜ ਦੇ ਟੀਕਾ ਵੀ ਲਗਾ ਰਿਹਾ ਹੈ। ਇਸ ਵੀਡੀਓ ਤੋਂ ਬਾਅਦ ਕੁੱਝ ਲੋਕਾਂ ਨੇ ਉੱਥੇ ਮੌਜੂਦ ਸਟਾਫ ਨੂੰ ਜਦੋਂ ਪੁੱਛਿਆ ਕਿ ਦਰਜਾ ਚਾਰ ਮੁਲਾਜਮ ਕਿਵੇਂ ਮਰੀਜਾਂ ਦੇ ਟੀਕੇ ਲਗਾ ਰਿਹਾ ਹੈ ? ਤਾਂ ਮੁਲਾਜਮ ਵਲੋਂ ਜਵਾਬ ਦਿੱਤਾ ਕਿ ਕਈ ਵਾਰੀ ਕਾਫੀ ਭੀੜ ਹੋ ਜਾਂਦੀ ਹੈ ਤਾਂ ਸਾਨੂੰ ਆਪਣੇ ਸਹਾਇਕ ਮੁਲਾਜਮਾਂ ਦੀ ਮਦਦ ਲੈਣੀ ਪੈਂਦੀ ਹੈ। ਇਸ ਸਬੰਧ ਵਿੱਚ ਜਦੋਂ ਹਸਪਤਾਲ ਦੇ ਡਾ. ਕੰਵਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਟਾਫ ਦੀ ਕਮੀ ਹੋਣ ਕਾਰਨ ਉਹ ਨਰਸ ਨਾਲ ਸਿਰਫ ਦਵਾਈ ਦੇਣ ’ਚ ਮਦਦ ਕਰ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਜਦੋਂ ਐੱਸ.ਐੱਮ. ਓ. ਮੋਰਿੰਡਾ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਸਪਤਾਲ ਦੇ ਵਿੱਚ ਪੈਰਾ-ਮੈਡੀਕਲ ਸਟਾਫ ਮੈਂਬਰ ਡਾਕਟਰਾਂ ਦੀ ਮਦਦ ਕਰਦੇ ਰਹਿੰਦੇ ਹਨ। ਜਦਕਿ ਫਾਰਮੇਸੀ ਤੇ ਬੈਠਾ ਮੁਲਾਜ਼ਮ ਦਰਜਾ ਚਾਰ ( ਸਫਾਈ ਸੇਵਕ) ਦੱਸਿਆ ਜਾ ਰਿਹਾ ਹੈ।