ਚੰਡੀਗੜ, 10 ਜੂਨ: ਦੇਸ਼ ਕਲਿੱਕ ਬਿਓਰੋ
ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ ਨੇ ਮੋਗਾ (ਪੰਜਾਬ) ਦੀ ਧੀ ਹਰਮਨਪ੍ਰੀਤ ਕੌਰ ਦੇ ਭਾਰਤੀ ਮਹਿਲਾ ਕਿ੍ਰਕਟ ਟੀਮ ਦੀ ਕਪਤਾਨ ਚੁਣੇ ਜਾਣ ‘ਤੇ ਖੁਸ਼ੀ ਜਾਹਿਰ ਕਰਦਿਆਂ ਉਸ ਦੇ ਪਰਿਵਾਰ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਹੈ। ਉਨਾਂ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਆਪਣੇ ਮਾਪਿਆਂ ਅਤੇ ਸਮੁੱਚੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।
ਉਨਾਂ ਆਪਣੇ ਸੰਦੇਸ ਵਿੱਚ ਕਿਹਾ ਕਿ ਪੰਜਾਬ ਦੀ ਧੀ ਨੇ ਇਹ ਧਾਰਨਾ ਸੱਚ ਸਾਬਤ ਕੀਤੀ ਹੈ ਕਿ ਅਜੋਕੇ ਸਮੇਂ ਧੀਆਂ ਪੁੱਤਰਾਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਹਰਮਨਪ੍ਰੀਤ ਕੌਰ ਦੀ ਇਹ ਕਾਮਯਾਬੀ ਪੰਜਾਬ ਦੀਆਂ ਹੋਰਨਾਂ ਧੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰੇਗੀ। ਸਮਾਜ ਦੀ ਪੂਰਨ ਤਰੱਕੀ ਲਈ ਔਰਤਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਸੰਧਵਾਂ ਨੇ ਕਿਹਾ ਕਿ ਧੀਆਂ ਕਿਸੇ ਪੱਖੋਂ ਵੀ ਪੁੱਤਰਾਂ ਤੋਂ ਘੱਟ ਨਹੀਂ ਹੁੰਦੀਆਂ ਪਰ ਸਮਾਜ ਦੇ ਕੁਝ ਹਿੱਸੇ ਦਾ ਨਜਰੀਆ ਹੀ ਅਜਿਹਾ ਬਣਿਆ ਹੋਇਆ ਹੈ ਕਿ ਅਸੀਂ ਉਹਨਾਂ ਨੂੰ ਘੱਟ ਸਮਝਦੇ ਹਾਂ।
ਪੰਜਾਬ ਦੀ ਇਸ ਧੀ ਨੇ ਭਾਰਤੀ ਟੀਮ ਵੱਲੋਂ ਖੇਡਦਿਆਂ ਹੋਇਆਂ ਬਹੁਤ ਮੱਲਾਂ ਮਾਰੀਆਂ, ਜਿਸ ਲਈ ਉਸ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ। ਉਸ ਨੂੰ ਅੰਤਰਰਾਸ਼ਟਰੀ ਟੀ-ਟਵੰਟੀ ਮੈਚਾਂ ਵਿੱਚ ਸੈਂਚੁਰੀ ਮਾਰਨ ਵਾਲੀ ਪਹਿਲੀ ਭਾਰਤੀ ਮਹਿਲਾ ਕਿ੍ਰਕਟਰ ਹੋਣ ਦਾ ਮਾਣ ਵੀ ਹਾਸਲ ਹੈ।