ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਮਨਾਣਾ ਨੇ ਦਿੱਤੀ ਖਿਡਾਰੀਆਂ ਨੂੰ ਹੱਲਾਸ਼ੇਰੀ
ਮੋਰਿੰਡਾ 05 ਜੂਨ ( ਭਟੋਆ )
ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਮੋਰਿੰਡਾ ਦੇ ਖਿਡਾਰੀਆਂ ਨੂੰ ਇਲਾਕੇ ਦੇ ਇਕ ਸਮਾਜ ਸੇਵੀ ਵੱਲੋਂ ਖੇਡ ਕਿੱਟਾਂ ਵੰਡੀਆਂ ਗਈਆਂ ਅਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਉਤਸ਼ਾਹਤ ਕੀਤਾ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸ ਬਲਵਿੰਦਰ ਸਿੰਘ ਬਾਜਵਾ , ਜਨਰਲ ਸਕੱਤਰ ਹਰਿੰਦਰ ਸਿੰਘ ਅਤੇ ਖ਼ਜ਼ਾਨਚੀ ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਲੱਬ ਦੀਆਂ ਖੇਡ ਗਤੀਵਿਧੀਆਂ , ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਕਲੱਬ ਦੇ ਖਿਡਾਰੀਆਂ ਦੀਆਂ ਮਾਣ ਮੱਤੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਪਿੰਡ ਮਨਾਣਾ ਕਲੱਬ ਦੇ ਛੋਟੇ ਖਿਡਾਰੀਆਂ ਨੂੰ ਖੇਡ ਕਿੱਟਾਂ ਭੇਟ ਕੀਤੀਆਂ ਹਨ। ਇਸ ਮੌਕੇ ਤੇ ਗੱਲ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਖੇਡਾਂ ਜਿਥੇ ਮਨੁੱਖੀ ਸਿਹਤ ਨੂੰ ਤਾਜ਼ਾ ਤੇ ਤੰਦਰੁਸਤ ਰੱਖਦੀਆਂ ਹਨ ਉੱਥੇ ਹੀ ਇਹ ਇਕ ਚੰਗੇ ਸਮਾਜ ਦੀ ਸਿਰਜਣਾ ਵੀ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਰਹਿਤ ਹੋ ਕੇ ਖੇਡਾਂ ਵੱਲ ਰੁਚਿਤ ਹੋਣਾ ਚਾਹੀਦਾ ਹੈ ਤਾਂ ਕਿ ਇਕ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ । ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਕਲੱਬ ਦੇ ਨਾਲ ਖੜ੍ਹਨਗੇ ਅਤੇ ਜਿੰਨੇ ਵੀ ਖਿਡਾਰੀ ਇੱਥੇ ਖੇਡਣ ਆਉਣਗੇ, ਉਨ੍ਹਾਂ ਦੀ ਉਹ ਹਰ ਸੰਭਵ ਮੱਦਦ ਕਰਨਗੇ ।
ਇਸ ਮੌਕੇ ਤੇ ਗੱਲ ਕਰਦਿਆਂ ਕਲੱਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਸ਼ਹਿਰ ਵਿਚ ਖਿਡਾਰੀਆਂ ਲਈ ਕੋਈ ਸਟੇਡੀਅਮ ਆਦਿ ਨਹੀਂ ਹੈ ਪ੍ਰੰਤੂ ਫੇਰ ਵੀ ਕਲੱਬ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਕੇ ਮਾਣਯੋਗ ਪ੍ਰਾਪਤੀਆਂ ਹਾਸਲ ਕੀਤੀਆਂ ਹਨ । ਉਨ੍ਹਾਂ ਸਮਾਜਸੇਵੀ ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖਣ ਲਈ ਤੇ ਜਵਾਨੀ ਨੂੰ ਸੰਭਾਲਣ ਲਈ ਸ਼ਹਿਰ ਵਿੱਚ ਖੇਡ ਖੇਡ ਸਟੇਡੀਅਮ ਬਣਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਬੱਚੇ ਕਿਸੇ ਨਾ ਕਿਸੇ ਖੇਡ ਨਾਲ ਜੁੜ ਕੇ ਅੱਗੇ ਵਧ ਸਕਣ । ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਕਲੱਬ ਨੂੰ ਨਾ ਕਦੇ ਕੋਈ ਗਰਾਂਟ ਦਿੱਤੀ ਗਈ ਹੈ ਅਤੇ ਨਾ ਹੀ ਕੋਚ ਦਾ ਪ੍ਰਬੰਧ ਕੀਤਾ ਗਿਆ ਹੈ ਸਗੋਂ ਇਹ ਸਾਰਾ ਪ੍ਰਬੰਧ ਇਸ ਕਲੱਬ ਦੇ ਦੇਸ਼ ਵਿਦੇਸ਼ ਵਿੱਚ ਬੈਠੇ ਖਿਡਾਰੀਆਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਕਲੱਬ ਅਤੇ ਮੋਰਿੰਡਾ ਸ਼ਹਿਰ ਲਈ ਇਹ ਬੜੀ ਮਾਣ ਅਤੇ ਫ਼ਖ਼ਰ ਵਾਲੀ ਗੱਲ ਹੈ ਕਿ ਹਾਲ ਹੀ ਵਿਚ ਆਯੋਜਿਤ ਕੀਤੇ ਗਏ ਸੀਨੀਅਰ ਨੈਸ਼ਨਲ ਹੈਂਡਬਾਲ ਟੂਰਨਾਮੈਂਟ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਦੇ ਚਾਰ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ ਸੀ , ਜਿਨ੍ਹਾਂ ਵਿੱਚ ਗੁਰਿੰਦਰ ਸਿੰਘ , ਦਿਨੇਸ਼ ਕੁਮਾਰ , ਪੁਨੀਤ ਮਾਲੜਾ ਅਤੇ ਅਜੇ ਕੁਮਾਰ ਸ਼ਾਮਲ ਸਨ। ਇਸ ਟੂਰਨਾਮੈਂਟ ਵਿੱਚ ਕਲੱਬ ਦੇ ਖਿਡਾਰੀ ਗੁਰਿੰਦਰ ਸਿੰਘ ਅਤੇ ਦਿਨੇਸ਼ ਕੁਮਾਰ ਨੇ ਸੋਨੇ ਦਾ ਤਗ਼ਮਾ ਜਿੱਤਿਆ ਹੈ ,ਪੁਨੀਤ ਮਾਲੜਾ ਨੇ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ ਹੈ ।
ਕਲੱਬ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਮੋਰਿੰਡਾ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਖੇਡਾਂ ਨਾਲ ਜੋੜ ਕੇ ਸਮਾਜ ਵਿੱਚ ਚੰਗੀ ਅਤੇ ਨਿੱਗਰ ਸੋਚ ਵਾਲੇ ਨਾਗਰਿਕ ਪੈਦਾ ਕਰਨਾ ਹੈ । ਉਨ੍ਹਾਂ ਦੱਸਿਆ ਕਿ ਕਲੱਬ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਕਲੱਬ ਨਾਲ ਜੁੜੇ ਪਰਵਾਸੀ ਭਾਰਤੀਆਂ , ਅਤੇ ਸੀਨੀਅਰ ਤੇ ਜੂਨੀਅਰ ਮੈਂਬਰਾਂ ਦਾ ਵੱਡਾ ਯੋਗਦਾਨ ਹੈ । ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਸੱਲ , ਖਜ਼ਾਨਚੀ ਰਜਨੀਸ਼ ਕੁਮਾਰ ਸੂਦ ਅਤੇ ਸੰਜੇ ਸਿੰਘ ਅਤੇ ਸੰਜੇ ਸੁੰਦਰ ਆਦਿ ਵੀ ਹਾਜ਼ਰ ਸਨ ।