ਮੋਰਿੰਡਾ, 2 ਜੂਨ ( ਭਟੋਆ )
ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ ਮੋਰਿੰਡਾ ਦੀਆਂ ਖਿਡਾਰਨਾਂ ਵਲੋਂ ਜੰਮੂ ਵਿਖੇ ਹੋਈਆਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ’ਤੇ ਖਿਡਾਰਨਾਂ ਦਾ ਕਾਲਜ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਨੀਰਜ ਸ਼ਰਮਾ ਤੇ ਕੇਸਰ ਸਿੰਘ ਨੇ ਦੱਸਿਆ ਕਿ ਜੰਮੂ ਵਿਖੇ ਹੋਈਆਂ ਪੈਨ ਚੈਕ ਸਿਲਾਟ ਖੇਡਾਂ ਵਿੱਚ 60 ਕਿੱਲੋ ਵਰਗ ’ਚ ਮਨੀਸ਼ਾ ਨੇ ਦੂਜਾ ਸਥਾਨ ਅਤੇ 70 ਕਿੱਲੋ ਵਰਗ ਵਿੱਚ ਅਮਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਉਹਨਾਂ ਦੱਸਿਆ ਕਿ ਇਵੈਂਟਸ ਵਿੱਚ ਮਨੀਸ਼ਾ ਤੇ ਜਮੁਨਾ ਭੋਈ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਇਵੈਂਟਸ ਰੇਗੂ ਵਿੱਚ ਅੰਜੂ, ਮਨੀਸ਼ਾ ਤੇ ਜਮੁਨਾ ਭੋਈ ਨੇ ਤੀਜਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਮਾਰਚ ਮਹੀਨੇ ਵਿੱਚ ਸੀਨੀਅਰ ਨੈਸ਼ਨਲ ਪੈਨ ਚੈਕ ਸਿਲਾਟ ਚੈਂਪੀਅਨਸ਼ਿਪ ਕਾਲਜ ਲੁਧਿਆਣਾ ਅਤੇ ਪੈਨ ਚੈਕ ਸਿਲਾਟ ਫੈਡਰੇਸ਼ਨ ਕੱਪ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਹੋਈਆਂ ਖੇਡਾਂ ਵਿੱਚ ਵਿੱਚ ਕਾਲਜ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਹਨਾਂ ਦੱਸਿਆ ਕਿ ਕਾਲਜ ਪੁੱਜਣ ’ਤੇ ਖਿਡਾਰਨਾਂ ਨੂੰ ਇਨਾਮ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਹਰਬੰਸ ਸਿੰਘ ਕੰਧੋਲਾ, ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ, ਪ੍ਰੋ. ਹਰਬੰਸ ਕੌਰ ਮੁਖੀ ਸਰੀਰਕ ਸਿੱਖਿਆ ਵਿਭਾਗ, ਸੁਪਿੰਦਰ ਸਿੰਘ ਭੰਗੂ, ਭਾਗ ਸਿੰਘ ਚਹਿਲਾਂ, ਜਗੀਰ ਸਿੰਘ ਦੁੱਮਣਾ ਮੌਜੂਦ ਸਨ।