ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਪ੍ਰਤੀ ਸਰਕਾਰੀ ਦਫ਼ਤਰਾਂ ਵਿਚ ਕੀਤਾ ਜਾਗਰੂਕ
ਮੋਹਾਲੀ, 27 ਮਈ : ਦੇਸ਼ ਕਲਿੱਕ ਬਿਓਰੋ
ਸਿਵਲ ਸਰਜਨ ਮੋਹਾਲੀ ਡਾ. ਅਦਰਸ਼ਪਾਲ ਕੌਰ ਦੇ ਦਿਸਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਕਸ਼ੈ ਕੁਮਾਰ ਅਤੇ ਉਹਨਾਂ ਦੀ ਟੀਮ ਵੱਲੋਂ ਦਫ਼ਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਮੰਡਲ ਨੰਬਰ 1, 2 ਅਤੇ 3 , ਫੇਜ਼ 1, ਮੋਹਾਲੀ ਵਿੱਚ ਫ੍ਰਾਈਡੇ ਡ੍ਰਾਈਡੇ ਅਧੀਨ ਡੇਂਗੂ ਰੋਕਥਾਮ ਬਾਰੇ ਦਫ਼ਤਰ ਦੇ ਸਟਾਫ਼ ਨੂੰ ਜਾਗਰੂਕ ਕੀਤਾ ਗਿਆ। ਦਫ਼ਤਰੀ ਸਟਾਫ਼ ਨੂੰ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰ, ਡੇਂਗੂ ਬੁਖਾਰ ਦੇ ਲੱਛਣ ਅਤੇ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਸਰਵੇ ਦੌਰਾਨ 7 ਕੂਲਰਾਂ ਵਿੱਚ ਡੇਂਗੂ ਫ਼ੈਲਾਉਣ ਵਾਲੇ ਮੱਛਰ ਦਾ ਲਾਰਵਾ ਪਾਇਆ ਗਿਆ ਅਤੇ ਨਗਰ ਨਿਗਮ ਮੋਹਾਲੀ ਦੀ ਟੀਮ ਵੱਲੋਂ ਚਲਾਨ ਕੱਟੇ ਗਏ। ਇਸਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਫੇਜ਼ 1, ਸਥਿਤ ਦਫਤਰ ਵਿੱਚ ਵੀ ਫ੍ਰਾਈਡੇ ਡ੍ਰਾਈਡੇ ਅਧੀਨ ਡੇਂਗੂ ਪ੍ਰਤਿ ਦਫ਼ਤਰ ਦੇ ਸਟਾਫ਼ ਨੂੰ ਜਾਗਰੂਕ ਕੀਤਾਗਿਆ।
ਇਹ ਦਸਿਆ ਗਿਆ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਬੁਖਾਰ ਹੋਣ ਤੇ ਤੁਰੰਤ ਨੇੜੇ ਦੀ ਸਰਕਾਰੀ ਡਿਸਪੈਂਸਰੀ ਜਾਂ ਹਸਪਤਾਲ ਵਿੱਚ ਜਾ ਕੇ ਖੂਨ ਦੀ ਜਾਂਚ ਕਰਵਾਓ। ਡੇਂਗੂ ਬੁਖਾਰ ਦੀ ਜਾਂਚ ਅਤੇ ਇਲਾਜ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੈ।
ਮੱਛਰਾਂ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਜਿਵੇਂ ਕਿ ਮਲੇਰੀਆ, ਚਿਕਣਗੁਨੀਆ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ । ਇਹ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ, ਇਸ ਲਈ ਇਹਨਾਂ ਦੀ ਪੈਦਾਵਾਰ ਨੂੰ ਰੋਕਣ ਲਈ ਕੂਲਰਾਂ , ਗਮਲਿਆਂ, ਫਰਿਜਾਂ ਦੀਆ ਟਰੇਆਂ ਨੂੰ ਹਫਤੇ ਵਿੱਚ ਇੱਕ ਵਾਰੀ ਖਾਲੀ ਕਰਕੇ, ਚੰਗੀ ਤਰ੍ਹਾਂ ਸਾਫ਼ ਕਰਕੇ ਅਤੇ ਸੁਕਾ ਕੇ ਵਰਤੋਂ ਵਿੱਚ ਲਿਆਂਦਾ ਜਾਵੇ । ਟੁੱਟੇ ਬਰਤਨਾਂ, ਡਰੱਮ ਅਤੇ ਟਾਇਰਾਂ ਨੂੰ ਨਸ਼ਟ ਕਰ ਦਿਉ। ਦਫ਼ਤਰ ਅਤੇ ਘਰਾਂ ਦੇ ਆਸ ਪਾਸ ਪਏ ਖੱਡਿਆ ਨੂੰ ਮਿੱਟੀ ਪਾ ਕੇ ਸਮਤਲ ਕਰ ਦਿਓ ਤਾਂ ਕਿ ਮੀਂਹ ਦਾ ਪਾਣੀ ਨਾ ਖੜ੍ਹਾ ਹੋ ਸਕੇ। ਇਸ ਮੌਕੇ ਤੇ ਨੈਸ਼ਨਲ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਟੀਮ ਮੈਂਬਰ ਬਲਜੀਤ ਸਿੰਘ, ਗੁਰਜਿੰਦਰ ਸਿੰਘ, ਭੁਪਿੰਦਰ ਕੁਮਾਰ , ਗੁਰਜੀਤ ਸਿੰਘ ਅਤੇ ਨਗਰ ਨਿਗਮ ਤੋਂ ਵਿਸ਼ਵ ਕੁਮਾਰ ਹਾਜ਼ਰ ਸਨ ।