*ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਕੀਤਾ ਜਾ ਰਿਹੈ ਜਾਗਰੂਕ-ਸਿਵਲ ਸਰਜਨ
ਮਾਨਸਾ, 25 ਮਈ : ਦੇਸ਼ ਕਲਿੱਕ ਬਿਓਰੋ
ਸਿਹਤ ਵਿਭਾਗ ਮਾਨਸਾ ਵੱਲੋਂ ਤੰਬਾਕੂ ਵਿਰੋਧੀ ਜਾਗਰੂਕਤਾ ਪੰਦਰਵਾੜੇ ਦੇ ਮੱਦੇਨਜ਼ਰ ਜ਼ਿਲੇ ਅੰਦਰ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਦੇ ਅਧੀਨ 23 ਮਈ ਤੋਂ 27 ਮਈ 2022 ਤੱਕ ਤੀਸਰੇ ਗੇੜ ਵਿੱਚ ਸਪੈਸ਼ਲ ਚਲਾਨ ਮੁਹਿੰਮ ਚਲਾ ਕੇ ਚਲਾਨ ਕੱਟੇ ਜਾ ਰਹੇ ਹਨ ਅਤੇ ਤੰਬਾਕੂ ਉਤਪਾਦ ਐਕਟ 2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਜਾ ਰਹੇ ਹਨ।
ਸਿਵਲ ਸਰਜਨ ਡਾ. ਰਾਏ ਨੇ ਦੱਸਿਆ ਕਿ ਦੂਸਰੇ ਵਿਭਾਗਾਂ ਨਾਲ ਤਾਲਮੇਲ ਕਰਕੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਨੂੰ ਬੰਦ ਕਰਵਾਉਣ ਅਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਡਾ. ਅਰਸ਼ਦੀਪ ਸਿੰਘ ਜ਼ਿਲਾ ਐਪੀਡੀਮਾਲੋਜਿਸਟ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਜ਼ਿਲੇ ਦੇ ਵੱਖ-ਵੱਖ ਥਾਵਾਂ ਬੋਹਾ, ਬੁਢਲਾਡਾ, ਭੀਖੀ, ਜੋਗਾ, ਝੁਨੀਰ ਅਤੇ ਸਰਦੂਲਗੜ ਏਰੀਏ ਵਿੱਚ ਈ-ਸਿਗਰੇਟ ਅਤੇ ਹੁੱਕਾਬਾਰ ਦੇ ਚਲਾਨ ਕੱਟੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ ਜ਼ਿਲੇ ਵਿੱਚ 88 ਚਲਾਨ ਕੱਟੇ ਗਏ ਹਨ ਅਤੇ ਇਸ ਦੌਰਾਨ 2450 ਰੁਪਏ ਜ਼ੁਰਮਾਨੇ ਦੀ ਰਕਮ ਇਕੱਤਰ ਕੀਤੀ ਗਈ।