ਖਿਤਾਬੀ ਮੈਚ ’ਚ ਏਜੀ ਪੰਜਾਬ ਦੀ ਕੌਮੀ ਖਿਡਾਰੀਆਂ ਨਾਲ ਲੈਸ ਟੀਮ ਨੂੰ ਹਰਾਇਆ
ਚੰਡੀਗੜ੍ਹ: 25 ਮਈ, ਸੁਖਵਿੰਦਰਜੀਤ ਸਿੰਘ ਮਨੌਲੀ,
ਮਿਨਰਵਾ ਅਕੈਡਮੀ ਕਲੱਬ ਦੀ ਫੁਟਬਾਲ ਟੀਮ ਨੇ ਮਲੇਰਕੋਟਲਾ ’ਚ ਖੇਡੇ ਗਏ ਚੌਥੇ 7-ਏ ਸਾਈਡ ਫੁਟਬਾਲ ਟੂਰਨਾਮੈਂਟ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਵੱਕਾਰੀ ਫੁਟਬਾਲ ਟੂਰਨਾਮੈਂਟ ਦੀ ਖਿਤਾਬ ਹਾਸਲ ਲਈ ’ਚ 16 ਸੌਕਰ ਟੀਮਾਂ ਦੇ ਖਿਡਾਰੀਆਂ ਵਲੋਂ ਖੂਨ-ਪਸੀਨਾ ਇਕ ਕੀਤਾ ਗਿਆ। ਪਰ ਟੂਰਨਾਮੈਂਟ ’ਚ ਜਿੱਤ ਦਾ ਗਾਨਾ ਮਿਨਰਵਾ ਅਕਾਡਮੀ ਕਲੱਬ ਦੇ ਖਿਡਾਰੀਆਂ ਦੇ ਹੱਥਾਂ ’ਤੇ ਬੰਨ੍ਹਿਆ ਗਿਆ। ਮਿਨਰਵਾ ਕਲੱਬ ਦੀ ਜੇਤੂ ਟੀਮ ਨੇ ਸੈਮੀਫਾਈਨਲ ’ਚ ਨੋਰਮਾਜਰਾ ਦੀ ਟੀਮ ਹਰਾਇਆ, ਜਿਸ ਦੇ ਦਸਤੇ ’ਚ ਇੰਡੀਅਨ ਸੌਕਰ ਲੀਗ ਖੇਡਣ ਵਾਲੇ ਤਿੰਨ ਖਿਡਾਰੀ ਸ਼ਾਹਨਾਜ਼ ਸਿੰਘ, ਜਰਮਨਪ੍ਰੀਤ ਸਿੰਘ ਅਤੇ ਬਿਕਰਮਜੀਤ ਸਿੰਘ ਸ਼ਾਮਲ ਸਨ। ਮਿਨਰਵਾ ਦੀ ਟੀਮ ਨੇ ਫਾਈਨਲ ’ਚ ਏਜੀ ਪੰਜਾਬ ਦੀ ਮਜ਼ਬੂਤ ਟੀਮ ਨੂੰ 3-0 ਗੋਲ ਅੰਤਰ ਨਾਲ ਹਰਾ ਕੇ ਖਿਤਾਬ ’ਤੇ ਆਪਣਾ ਕਬਜ਼ਾ ਕੀਤਾ। ਏਜੀ ਪੰਜਾਬ ਵਲੋਂ ਕੌਮੀ ਟੀਮ ਦੇ ਸੀਨੀਅਰ ਖਿਡਾਰੀ ਬਲਵੰਤ ਸਿੰਘ ਤੋਂ ਇਲਾਵਾ ਆਈ-ਲੀਗ ਤੇ ਆਈਐਸਐਲ ਖੇਡਣ ਵਾਲੇ ਮੋਹਨ ਬਾਗਾਨ ਦੇ ਦਿੱਲੀ ਐਫਸੀ ਦੇ ਹਿਤੇਸ਼ ਸ਼ਰਮਾ, ਗਗਨਦੀਪ ਸਿੰਘ, ਰਨਦੀਪ ਸਿੰਘ ਤੇ ਮਨਵੀਰ ਸਿੰਘ, ਮਿਨਰਵਾ ਵਿਰੁੱਧ ਖਿਤਾਬੀ ਮੈਚ ਖੇਡਣ ਲਈ ਮੈਦਾਨ ’ਚ ਨਿੱਤਰੇ ਪਰ ਉਨ੍ਹਾਂ ਹਾਜ਼ਰੀ ਵੀ ਮੈਚ ਨੂੰ ਪੁੱਠਾ ਗੇੜਾ ਦੇਣ ’ਚ ਨਾਕਾਮ ਰਹੀ।
ਮਿਨਰਵਾ ਅਕੈਡਮੀ ਦੀ ਫੁਟਬਾਲ ਟੀਮ ਵਲੋਂ ਗਰੁੱਪ ਗੇੜ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਰਾਊਂਡ-16 ’ਚ ਬੀਕੇਐਫਸੀਚ ਨਾਲ ਸਾਹਮਣਾ ਹੋਇਆ। ਮਿਨਰਵਾ ਦੀ ਟੀਮ ਦੇ ਸਟਰਾਈਕਰ ਦਿਪਾਂਡਾ ਡਿਕਾ ਵਲੋਂ ਪਹਿਲਾ ਗੋਲ ਕਰਕੇ ਲੀਡ ਹਾਸਲ ਕੀਤੀ ਗਈ ਪਰ ਵਿਰੋਧੀ ਟੀਮ ਵਲੋਂ ਬਰਾਬਰੀ ਦਾ ਗੋਲ ਦਾਗ ਦਿੱਤਾ ਗਿਆ। ਇਸ ਤੋਂ ਬਾਅਦ ਬੀਕੇਐਫਸੀ ਵਲੋਂ ਦੂਜਾ ਗੋਲ ਕਰਕੇ ਲੀਡ ਹਾਸਲ ਕੀਤੀ ਗਈ। ਮਿਨਰਵਾ ਦੇ ਅਟੈਕਿੰਗ ਮਿੱਡਫੀਲਡਰ ਅਭੈ ਨੇ ਗੋਲ ਕਰਕੇ ਟੀਮ ਨੂੰ ਬਰਾਬਰੀ ਹਾਸਲ ਕਰਵਾਈ। ਅੰਤ ’ਚ ਜੇਤੂ ਟੀਮ ਦਾ ਨਿਰਣਾ ਕਰਨ ਲਈ ਟਾਈ ਬਰੇਕਰ ਦਾ ਸਹਾਰਾ ਲਿਆ ਗਿਆ, ਜਿਸ ’ਚ ਮਿਨਰਵਾ ਅਕੈਡਮੀ ਦੀ ਟੀਮ ਨੇ ਬੀਕੇਐਫਸੀ ਨੂੰ ਹਰਾ ਕੇ ਕੁਆਰਟਰਫਾਈਨਲ ਖੇਡਣ ਦੇ ਦਰ ’ਤੇ ਦਸਤਕ ਦਿੱਤੀ।
ਕੁਆਰਟਰਫਾਈਨਲ ’ਚ ਮਿਨਰਵਾ ਅਕੈਡਮੀ ਕਲੱਬ ਦੀ ਟੀਮ ਦਾ ਸਾਹਮਣਾ ਮੇਜ਼ਬਾਨ ਮਾਲੇਰਕੋਟਲਾ ਦੀ ਟੀਮ ਨਾਲ ਹੋਇਆ, ਜਿਸ ’ਚ ਮਹਿਮਾਨ ਟੀਮ ਦੇ ਖਿਡਾਰੀਆਂ ਨੇ 6-2 ਗੋਲ ਅੰਤਰ ਦੀ ਆਸਾਨ ਜਿੱਤ ਦਰਜ ਕਰਕੇ ਸੈਮੀਫਾਈਨਲ ਖੇਡਣ ਦਾ ਟਿਕਟ ਕਟਾਇਆ। ਜੇਤੂ ਟੀਮ ਲਈ ਵਲੋਂ ਵਿਦੇਸ਼ੀ ਖਿਡਾਰੀ ਦਿਪਾਂਡਾ ਡਿਕਾ, ਅਭੈ ਅਤੇ ਜੋਏਲ ਵਲੋਂ ਡਬਲ ਸਕੋਰ ਭਾਵ ਦੋ-ਦੋ ਗੋਲ ਦਾਗੇ ਗਏ।
ਮਿਨਰਵਾ ਨੂੰ ਸੈਮੀਫਾਈਨਲ ’ਚ ਨੋਰ ਮਾਜਰਾ ਦੀ ਸੌਕਰ ਟੀਮ ਖਿਲਾਫ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਜਿਸ ’ਚ 3 ਆਈਐੱਸਐੱਲ. ਰੈਂਕਿੰਗ ਵਾਲੇ ਖਿਡਾਰੀ ਮੁੰਬਈ ਸਿਟੀ ਦੇ ਸ਼ਾਹਬਾਜ਼ ਸਿੰਘ, ਚੇਨਈਅਨ ਐਫਸੀ ਦੇ ਜਰਮਨਪ੍ਰੀਤ ਸਿੰਘ ਤੇ ਕੌਮੀ ਫੁਟਬਾਲਰ ਬਿਕਰਮਜੀਤ ਸਿੰਘ ਖੇਡ ਰਹੇ ਸਨ। ਖਿਤਾਬੀ ਮੈਚ ਖੇਡਣ ਦੇ ਦਰ ’ਤੇ ਪਹੁੰਚਣ ਲਈ ਮੈਦਾਨ ’ਚ ਵਿੱਛ ਕੇ ਖੇਡ ਰਹੀ ਮਿਨਰਵਾ ਦੀ ਟੀਮ ਵਲੋਂ ਵੱਡੇ ਖਿਡਾਰੀਆਂ ਨਾਲ ਲੈਸ ਨੋਰਮਾਜਰਾ ਦੀ ਟੀਮ ’ਤੇ ਸਟਰਾਈਕਰ ਦਿਪਾਂਡਾ ਡਿਕਾ ਵਲੋਂ ਨਿਰਣਾਇਕ ਗੋਲ ਦਾਗਿਆ ਗਿਆ, ਜਿਸ ਨਾਲ ਮਿਨਰਵਾ ਦੀ ਟੀਮ ਨੇ ਫਾਈਨਲ ਖੇਡਣ ਦੀ ਉਡਾਣ ਭਰਨ ’ਚ ਸਫਲਤਾ ਹਾਸਲ ਕੀਤੀ।
ਸੈਮੀਫਾਈਨਲ ਵਾਂਗ ਫਾਈਨਲ ’ਚ ਮਿਨਰਵਾ ਦਾ ਸਾਹਮਣਾ ਏਜੀ ਪੰਜਾਬ ਨਾਲ ਹੋਇਆ, ਜਿਸ ਦੇ ਦਸਤੇ ’ਚ ਆਈਐਸਐਲ ਅਤੇ ਆਈ-ਲੀਗ ਖੇਡਣ ਵਾਲੇ ਤੂਫਾਨੀ ਖਿਡਾਰੀ ਸ਼ਾਮਲ ਸਨ। ਇਨ੍ਹਾਂ ’ਚ ਕੌਮੀ ਟੀਮ ਦਾ ਅਨੁਭਵੀ ਭਾਰਤੀ ਸਟ੍ਰਾਈਕਰ ਬਲਵੰਤ ਸਿੰਘ, ਬੰਗਾਲ ਦੇ ਮੋਹਨ ਬਾਗਾਨ ਕਲੱਬ ਵਲੋਂ ਖੇਡਣ ਵਾਲਾ ਹਿਤੇਸ਼ ਸ਼ਰਮਾ, ਮਿਨਰਵਾ ਅਕੈਡਮੀ ਦਾ ਟਰੇਨੀ ਤੇ ਸਲਗਾਂਵਕਰ ਐਫਸੀ ਵਲੋਂ ਖੇਡਣ ਵਾਲੀ ਗਗਨਦੀਪ, ਮਿਨਰਵਾ ਅਕੈਡਮੀ ਦਾ ਸਾਬਕਾ ਖਿਡਾਰੀ ਰਨਦੀਪ ਸਿੰਘ, ਉੱਤਰ-ਪੂਰਬੀ ਯੂਨਾਈਟਿਡ ਐਫਸੀ ਵਲੋਂ ਖੇਡਣ ਵਾਲੀ ਸਟਰਾਈਕਰ ਮਨਵੀਰ ਸਿੰਘ ਦਿੱਗਜ ਫੁਟਬਾਲਰ ਸ਼ਾਮਲ ਸਨ।
ਮਿਨਰਵਾ ਅਕੈਡਮੀ ਕਲੱਬ ਦੇ ਫੁਟਬਾਲਰਾਂ ਵਲੋਂ ਫਾਈਨਲ ’ਚ ਏਜੀ ਪੰਜਾਬ ਵਿਰੁੱਧ ਦਮਦਾਰ ਸ਼ੁਰੂਆਤ ਕੀਤੀ ਗਈ, ਜਿਸ ਦਾ ਸਿੱਟਾ ਇਹ ਹੋਇਆ ਕਿ ਵਿਰੋਧੀ ਟੀਮ ’ਤੇ ਮਿੱਡਫੀਲਫਰ-ਕਸ-ਸਟਰਾਈਕਰ ਅਭੈ ਵਲੋਂ ਪਹਿਲਾ ਗੋਲ ਸਕੋਰ ਕੀਤਾ ਗਿਆ। ਇਸ ਤੋਂ ਬਾਅਦ ਹਰ ਮੈਚ ’ਚ ਗੋਲ ਦਾਗਣ ਵਾਲੇ ਕੈਮਰੂਨ ਦੇ ਸਟਰਾਈਕਰ ਦਿਪਾਂਡਾ ਡਿਕਾ ਨੇ ਦੂਜਾ ਗੋਲ ਕਰਕੇ ਟੀਮ ਦੀ ਜਿੱਤ ਦੀ ਨੀਂਹ ਪੱਕੀ ਕਰ ਦਿੱਤੀ। ਇਸ ਤੋਂ ਬਾਅਦ ਰਹਿੰਦੀ-ਖੁੰਹਦੀ ਕਸਰ ਸੈਂਟਰ ਫਾਰਵਰਡ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਹਮਲਾਵਰ ਖਿਡਾਰੀ ਜਗਮੀਤ ਸਿੰਘ ਨੇ ਤੀਜਾ ਗੋਲ ਕਰਕੇ ਖਿਤਾਬ ’ਤੇ ਆਪਣੀ ਟੀਮ ਦੀ ਜਿੱਤ ਦੀ ਮੋਹਰ ਲਾ ਦਿੱਤੀ ਗਈ।