`ਤੰਬਾਕੂ ਉਤਪਾਦ ਐਕਟ ਦੀ ਉਲੰਘਣਾਂ ਕਰਨ ਵਾਲਿਆਂ ਦੇ ਕੱਟੇ ਚਲਾਨ
ਮਾਨਸਾ 23 ਮਈ, ਦੇਸ਼ ਕਲਿੱਕ ਬਿਓਰੋ
ਸਿਹਤ ਵਿਭਾਗ ਮਾਨਸਾ ਵੱਲੋਂ 31 ਮਈ ਨੂੰ ਤੰਬਾਕੂ ਵਿਰੋਧੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਪੰਦਰਵਾੜੇ ਦੇ ਮੱਦੇਨਜ਼ਰ ਜਿਲ੍ਹੇ ਅੰਦਰ ਚਲਾਨ ਕੱਟੇ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੇਸ਼ ਭਰ ਵਿੱਚ ਲਾਗੂ ਸਿਗਰੇਟ ਐਂਡ ਅਦਰ ਤੰਬਾਕੂ ਉਤਪਾਦ ਐਕਟ-2003 ਦੇ ਅਧੀਨ 23 ਮਈ ਤੋਂ 27 ਮਈ 2022 ਤੱਕ ਤੀਸਰੇ ਗੇੜ ਵਿੱਚ ਸਪੈਸ਼ਲ ਚਲਾਨਿੰਗ ਡਰਾਇਵ ਚਲਾ ਕੇ ਚਲਾਨ ਕੱਟੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਤੰਬਾਕੂ ਉਤਪਾਦ ਐਕਟ 2003 ਦੀ ਉਲੰਘਣਾ ਕਰਨ ਵਾਲਿਆਂ ਦੇ ਜਿੱਥੇ ਚਲਾਨ ਕੀਤੇ ਜਾ ਰਹੇ ਹਨ, ਉਥੇ ਹੀ ਦੂਸਰੇ ਵਿਭਾਗਾਂ ਨਾਲ ਤਾਲਮੇਲ ਕਰਕੇ ਜਨਤਕ ਥਾਵਾਂ `ਤੇ ਤੰਬਾਕੂਨੋਸ਼ੀ ਨੂੰ ਬੰਦ ਕਰਵਾਉਣ ਅਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਜਿ਼ਲ੍ਹਾ ਐਪੀਡੀਮਾਲੋਜਿਸਟ ਡਾ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਸ਼ਹਿਰ ਦੇ ਜਿ਼ਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਚਲਾਨ ਕੱਟ ਰਹੀਆਂ ਹਨ ਅਤੇ ਤੰਬਾਕੂ ਵਿਰੋਧੀ ਫਲੈਕਸ ਲਗਾਏ ਜਾ ਰਹੇ ਹਨ।ਇਸ ਸਬੰਧੀ ਈ-ਸਿਗਰੇਟ ਅਤੇ ਹੁੱਕਾਬਾਰਾਂ ਦੇ ਚਲਾਨ ਕੱਟੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਡਰਾਇਵ ਦੇ ਪਹਿਲੇ ਦਿਨ ਜਿ਼ਲ੍ਹਾ ਮਾਨਸਾ ਵਿੱਚ 39 ਚਲਾਨ ਕੱਟੇ ਗਏ ਅਤੇ ਇਸ ਦੌਰਾਨ 910 ਰੁਪਏ ਜੁਰਮਾਨੇ ਦੀ ਰਕਮ ਇਕੱਤਰ ਕੀਤੀ ਗਈ।
ਇਸ ਮੌਕੇ ਗੁਰਜੰਟ ਸਿੰਘ ਏ.ਐਮ.ਓ, ਜਗਦੀਸ਼ ਸਿੰਘ ਐਸ.ਆਈ, ਖੁਸ਼ਵਿੰਦਰ ਸਿੰਘ ਐਸ.ਆਈ, ਜਰਨੈਲ ਸਿੰਘ ਐਸ.ਆਈ, ਕੁਲਦੀਪ ਸਿੰਘ ਸਬ ਇੰਸਪੈਕਟਰ, ਹਾਕਮ ਸਿੰਘ ਹੌਲਦਾਰ ਵੱਲੋਂ ਕਚਹਿਰੀ ਰੋਡ ਤੋਂ ਬੱਸ ਸਟੈਂਡ ਅਤੇ ਲਿੰਕ ਰੋਡ `ਤੇ ਚਲਾਨ ਕੱਟੇ ਗਏ।