ਚੰਡੀਗੜ੍ਹ- 13 ਮਈ 2022, ਦੇਸ਼ ਕਲਿੱਕ ਬਿਓਰੋ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਐਮ.ਪੀ.ਸੀ.ਡੀ.ਐਸ.ਆਰ. ਪੋਰਟਲ, ਮਾਵਾਂ ਦੀ ਮੌਤ ਦੀ ਨਿਗਰਾਨੀ ਅਤੇ ਪ੍ਰਤੀਕਿਰਿਆ, ਐਕਸਟੈਂਡਡ ਪ੍ਰਧਾਨ ਮੰਤਰੀ ਸੁਰੱਖਿਆ ਮਾਤਰਤਵ ਅਭਿਆਨ (ਪੀ.ਐਮ.ਐਸ.ਐਮ.ਏ.) ਅਤੇ ਸੁਰਕਸ਼ਿਤ ਮਾਤ੍ਰਿਤਵ ਅਸ਼ਵਾਸਨ (ਸੁਮਨ) ਨੂੰ ਲਾਗੂ ਕਰਨ ਬਾਰੇ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ ) ਪੰਜਾਬ ਡਾ. ਅਰੀਤ ਕੌਰ ਦੀ ਦੇਖਰੇਖ ਹੇਠ ਕਾਨਫ਼ਰੰਸ ਹਾਲ਼, ਪਰਿਵਾਰ ਕਲਿਆਣ ਭਵਨ ਸੈਕਟਰ 34-ਏ ਚੰਜੀਗੜ੍ਹ ਵਿਖੇ ਕੀਤਾ ਗਿਆ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਗੁਰਿੰਦਰ ਬੀਰ ਸਿੰਘ ਵੱਲੋਂ ਕੀਤੀ ਗਈ । ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਪੰਜਾਬ ਤੇਜ ਪ੍ਰਤਾਪ ਸਿੰਘ ਫ਼ੂਲਕਾ ਆਈ.ਏ.ਐਸ. ਬਤੌਰ ਮੁੱਖ ਮਹਿਮਾਨ ਇਸ ਟ੍ਰੇਨਿੰਗ ਵਿੱਚ ਹਾਜਰ ਹੋਏ । ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਡਾ. ਰਵਿੰਦਰ ਪਾਲ ਕੌਰ, ਅਸਿਸਟੈਂਟ ਡਾਇਰੈਕਟਰ ਡਾ. ਵਨੀਤ ਨਾਗਪਾਲ, ਸਟੇਟ ਪ੍ਰੋਗਰਾਮ ਅਫ਼ਸਰ ਐਮ.ਸੀ.ਐਚ. ਡਾ. ਇੰਦਰਦੀਪ ਕੌਰ, ਪੰਜਾਬ ਰਾਜ ਦੇ ਸਿਹਤ ਵਿਭਾਗ ਨਾਲ਼ ਸਬੰਧਤ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਵੱਲੋਂ ਇਸ ਟ੍ਰੇਨਿੰਗ ਵਿੱਚ ਸ਼ਿਰਕਤ ਕੀਤੀ ਗਈ । ਇਸ ਇੱਕ ਰੋਜ਼ਾ ਟ੍ਰੇਨਿੰਗ ਦਾ ਮੁੱਖ ਉੱਦੇਸ਼ ਪੰਜਾਬ ਰਾਜ ਦੀਆਂ ਸਮੁੱਚੀਆਂ ਗਰਭਵਤੀ ਮਾਂਵਾਂ ਨੂੰ ਉੱਚ ਪੱਧਰ ਦੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਸੀ। ਇਸ ਮੌਕੇ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਦੀ ਟ੍ਰੇਨਿੰਗ ਦਾ ਵਿਸ਼ਾ ਬਹੁਤ ਹੀ ਗੰਭੀਰਤਾ ਵਾਲਾ ਹੈ, ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ਤੇ ਗਰਭਵਤੀ ਮਾਂਵਾਂ ਦੀ ਸਿਹਤ ਸੰਭਾਲ ਦੌਰਾਨ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਸਮੱਸਿਆ ਦੇ ਨਿਦਾਨ ਲਈ ਪੰਜਾਬ ਸਰਕਾਰ ਵੱਲੋਂ ਗਰਭਵਤੀ ਮਾਂਵਾਂ ਨੂੰ ਉੱਚ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ।
ਇਸ ਮੌਕੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਗੁਰਿੰਦਰ ਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਪਰਿਵਾਰ ਭਲਾਈ ਸੇਵਾਂਵਾਂ ਵਿੱਚ ਹੋਰ ਸੁਧਾਰ ਦੀ ਲੋੜ ਹੈ, ਉਨ੍ਹਾਂ ਕਿਹਾ ਕਿ ਹਰ ਗਰਭਵਤੀ ਔਰਤ ਨੂੰ ਮੁੱਢਲੀਆਂ ਚਾਰ ਐਂਟੀਨੇਟਲ ਸੇਵਾਵਾਂ ਅਤੇ ਗਰਭ ਦੌਰਾਨ ਹੋਰ ਲੋੜੀਂਦੇ ਟੈਸਟ ਵੀ ਯਕੀਨੀ ਬਣਾਏ ਜਾਣ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣਦੀਆਂ ਸਿਹਤ ਸੇਵਾਵਂ ਮੁੱਹਈਆ ਕਰਵਾਈਆਂ ਜਾਣ , ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੱਚਾ ਮੌਤ ਦਰ ਨੂੰ ਘਟਾਇਆ ਜਾ ਸਕੇ ।