ਥੈਲੇਸੀਮੀਆ ਤੋਂ ਬਚਾਅ ਲਈ ਜਾਗਰੂਕਤਾ ਬਹੁਤ ਜ਼ਰੂਰੀ : ਡਾ. ਆਦਰਸ਼ਪਾਲ ਕੌਰ
ਮੋਹਾਲੀ, 8 ਮਈ : ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਸਿਹਤ ਵਿਭਾਗ ਵਲੋਂ ਥੈਲੇਸੀਮੀਆ ਰੋਗ ਪ੍ਰਤੀ ਜਾਗਰੂਕਤਾ ਵਧਾਉਣ ਲਈ ਜ਼ਿਲ੍ਹੇ ਅੰਦਰ 8 ਮਈ ਤੋਂ 14 ਮਈ ਤੱਕ ਹਫਤਾਵਾਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦਾ ਵਿਸ਼ਾ-ਵਸਤੂ "ਜਾਗਰੂਕ ਰਹੋ, ਸਾਂਝਾ ਕਰੋ ਅਤੇ ਸੰਭਾਲ ਕਰੋ" ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਖ਼ਾਸ ਕਰਕੇ ਵਿਆਹਯੋਗ ਲੜਕੇ-ਲੜਕੀਆਂ ਨੂੰ ਇਹ ਸੁਨੇਹਾ ਦੇਣਾ ਹੈ ਕਿ ਵਿਆਹ ਤੋਂ ਪਹਿਲਾਂ ਗੋਤ ਜਾਂ ਕੁੰਡਲੀਆਂ ਮਿਲਾਉਣ ਨਾਲੋਂ ਵੀ ਵੱਧ ਜ਼ਰੂਰੀ ਥੈਲੇਸੀਮੀਆ ਦੇ ਪੱਧਰ ਬਾਰੇ ਪਤਾ ਲਗਾਉਣਾ ਹੈ।
ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦੱਸਿਆ ਕਿ ਥੈਲੇਸੀਮੀਆ ਜੈਨੇਟਿਕ ਬਿਮਾਰੀ ਹੈ, ਜਿਸ ਦੇ ਵਧਣ ਦਾ ਮੁੱਖ ਕਾਰਨ ਲੋਕਾਂ ਅੰਦਰ ਜਾਗਰੂਕਤਾ ਦੀ ਘਾਟ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਵਿਆਹ ਤੋਂ ਪਹਿਲਾਂ ਵਿਆਹਯੋਗ ਲੜਕੇ-ਲੜਕੀਆਂ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਦਸਿਆ ਕਿ ਥੈਲੇਸੀਮੀਆ ਖ਼ੂਨ ਦੀ ਗੰਭੀਰ ਗੰਭੀਰ ਅਨੁਵੰਸ਼ਿਕ ਬੀਮਾਰੀ ਹੈ, ਜਿਸ ਵਿਚ ਪੀੜਤ ਵਿਅਕਤੀ ਵਿਚ ਖ਼ੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘੱਟ ਜਾਂ ਖਤਮ ਹੋ ਜਾਂਦੀ ਹੈ। ਇਸ ਰੋਗ ਦੇ ਪ੍ਰਮੱਖ ਲੱਛਣਾਂ ਵਿਚ ਪੀੜਤ ਵਿਅਕਤੀ ਦੇ ਵਾਧੇ ਅਤੇ ਵਿਕਾਸ ਵਿਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਚਿਹਰੇ ਦੀ ਬਣਾਵਟ ਵਿਚ ਬਦਲਾਅ ਹੋਣਾ, ਚਮੜੀ ਦਾ ਰੰਗ ਪੀਲਾ ਪੈਣਾ, ਪਿਸ਼ਾਬ ਗਾੜਾ ਆਉਣਾ ਅਤੇ ਜਿਗਰ ਤੇ ਤਿੱਲੀ ਦੇ ਆਕਾਰ ਵਧਣਾ ਆਦਿ ਸ਼ਾਮਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਥੈਲੇਸੀਮੀਆ ਰੋਗ ਦੇ ਇਲਾਜ ਵਿੱਚ ਪੀੜਤ ਵਿਅਕਤੀ ਨੂੰ ਹਰ 15-20 ਦਿਨਾਂ ਬਾਅਦ ਖੂਨ ਚੜ੍ਹਾਉਣ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਵਿਅਕਤੀ ਦਾ ਹੋਰ ਬਿਮਾਰੀਆਂ ਜੋ ਖੂਨ ਦੇ ਆਦਾਨ-ਪ੍ਰਦਾਨ ਨਾਲ ਹੋ ਸਕਦੀਆਂ ਹਨ, ਤੋਂ ਵੀ ਪੀੜਿਤ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਸਿਹਤ ਅਧਿਕਾਰੀਆਂ ਨੇ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਅਗਲੀ ਪੀੜ੍ਹੀ ਨੂੰ ਇਸ ਰੋਗ ਤੋਂ ਬਚਾਉਣ ਲਈ ਵਿਆਹਯੋਗ ਲੜਕੇ-ਲੜਕੀਆਂ ਦਾ ਵਿਆਹ ਤੋਂ ਪਹਿਲਾਂ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਵਾਰ ਦੀ ਮੁਹਿੰਮ ਦੇ ਥੀਮ "ਜਾਗਰੂਕ ਰਹੋ, ਸਾਂਝਾ ਕਰੋ ਅਤੇ ਸੰਭਾਲ ਕਰੋ" ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲੀ ਤਿਮਾਹੀ ਵਾਲੀਆਂ ਗਰਭਵਤੀ ਔਰਤਾਂ, ਵਿਆਹਯੋਗ ਜੋੜੇ ਅਤੇ ਉਹ ਔਰਤਾਂ ਜਿਨ੍ਹਾਂ ਦਾ ਅਨੀਮੀਆ ਠੀਕ ਨਹੀਂ ਹੁੰਦਾ, ਉਹ ਆਪਣਾ ਟੈਸਟ ਕਰਵਾ ਕੇ ਇਸ ਰੋਗ ਦੇ ਵਾਧੇ ਦੀ ਰੋਕਥਾਮ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਅਤੇ ਆਪਣੇ ਥੈਲੇਸੀਮੀਆ ਲਈ ਜਾਂਚ ਕਰਵਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਹਰ ਥੈਲੇਸੀਮੀਆ ਮਰੀਜ਼ ਨੂੰ ਸਰਕਾਰੀ ਬਲੱਡ ਸੈਂਟਰਾਂ ਵਿੱਚੋਂ ਮੁਫਤ ਖੂਨ ਉਪਲਭਧ ਕਰਵਾਇਆ ਜਾਂਦਾ ਹੈ।