ਕਿਹਾ ਕਿ 61ਵੇਂ ਸਥਾਪਨਾ ਦਿਵਸ 'ਤੇ ਇਹ ਪ੍ਰੋਜੈਕਟ ਐਥਲੀਟਾਂ ਲਈ ਤੋਹਫ਼ਾ ਹਨ
ਪਟਿਆਲਾ: 7 ਮਈ, ਦੇਸ਼ ਕਲਿੱਕ ਬਿਓਰੋ
ਭਾਰਤੀ ਖੇਡ ਅਥਾਰਿਟੀ (ਸਾਈ-SAI) ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਵ੍ ਸਪੋਰਟਸ – ਪਟਿਆਲਾ (ਐੱਨਐੱਸਐੱਨਆਈਐੱਸ) ਦੇ 61ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਮਾਣਯੋਗ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਇਸ ਪ੍ਰੀਮੀਅਰ ਇੰਸਟੀਟਿਊਟ ਵਿਖੇ ਦੋ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਇਹ ਐੱਨਐੱਸਐੱਨਆਈਐੱਸ ਪਟਿਆਲਾ ਦੀ ਪੁਨਰ ਸੁਰਜੀਤੀ ਦਾ ਹਿੱਸਾ ਹੈ, ਜਿਸ ਵਿੱਚ ਸਰਕਾਰ 3 ਵਰ੍ਹਿਆਂ ਵਿੱਚ 150 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਰਹੀ ਹੈ।
ਪਹਿਲਾ ਪ੍ਰੋਜੈਕਟ ਡਿਪਲੋਮਾ ਹੋਲਡਰਾਂ ਦੀ ਸਿੱਖਿਆ ਲਈ ਇੱਕ ਹਾਈ ਟੈੱਕ ਸਪੋਰਟਸ ਸਾਇੰਸ ਲੈਬ ਅਤੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਹਾਲ ਸਮੇਤ ਸਪੋਰਟਸ ਕੋਚਿੰਗ ਦੇ ਰਾਸ਼ਟਰੀ ਕੇਂਦਰ ਦੀ ਸਥਾਪਨਾ ਹੈ।
ਨਵੇਂ ਬੁਨਿਆਦੀ ਢਾਂਚੇ ਵਿੱਚ ਇੱਕ ਇਨਡੋਰ 3 ਲੇਨ ਟ੍ਰੈਕ ਅਤੇ ਐਥਲੀਟਾਂ ਲਈ ਇੱਕ ਪੂਰਾ ਰੀਹੈਬਲੀਟੇਸ਼ਨ ਐਂਡ ਰਿਕਵਰੀ ਜਿਮ ਸ਼ਾਮਲ ਹੈ। ਸਟ੍ਰੈਂਥ ਐਂਡ ਕੰਡੀਸ਼ਨਿੰਗ ਹਾਲ ਵਿੱਚ ਇੱਕ ਵਾਰ ਵਿੱਚ 150 ਐਥਲੀਟਾਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਇਹ ਦੇਸ਼ ਵਿੱਚ ਸਭ ਤੋਂ ਵੱਡੀਆਂ ਅਜਿਹੀਆਂ ਸੁਵਿਧਾਵਾਂ ਵਿੱਚੋਂ ਇੱਕ ਹੈ।
ਦੂਸਰਾ ਪ੍ਰੋਜੈਕਟ 400 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੀ ਕੇਂਦਰੀਕ੍ਰਿਤ ਪੂਰੀ ਤਰ੍ਹਾਂ ਵਾਤਾਅਨੁਕੂਲਿਤ ਰਸੋਈ ਅਤੇ ਫੂਡ ਕੋਰਟ ਦਾ ਨਿਰਮਾਣ ਹੈ ਅਤੇ 2000 ਭੋਜਨ ਤਿਆਰ ਕਰਨ ਦੀ ਸਮਰੱਥਾ ਵਾਲੀ ਇੱਕ ਮੌਡਿਊਲਰ ਕਿਚਨ ਹੈ।
ਤੀਸਰਾ ਪ੍ਰੋਜੈਕਟ ਕੈਂਪਸ ਵਿੱਚ 2 ਨਵੇਂ ਹੋਸਟਲਾਂ ਦੀ ਉਸਾਰੀ ਨਾਲ ਹੋਸਟਲ ਸਮਰੱਥਾ ਨੂੰ 450 ਤੱਕ ਵਧਾਉਣ ਦਾ ਹੈ।
ਪ੍ਰੋਜੈਕਟਾਂ ਦੀ ਮਹੱਤਤਾ ਬਾਰੇ ਬੋਲਦਿਆਂ, ਸ਼੍ਰੀ ਠਾਕੁਰ ਨੇ ਕਿਹਾ, "ਐੱਨਐੱਸਐੱਨਆਈਐੱਸ ਪਟਿਆਲਾ ਭਾਰਤ ਦੀ ਪ੍ਰਮੁੱਖ ਖੇਡ ਸੰਸਥਾ ਹੈ ਅਤੇ ਇਸਦੇ 61ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ, ਇਹ ਪ੍ਰੋਜੈਕਟ ਐਥਲੀਟਾਂ ਲਈ ਇੱਕ ਤੋਹਫ਼ਾ ਹਨ। ਚੰਗੀ, ਸਵੱਛ ਖੁਰਾਕ ਅਤੇ ਰਿਹੈਬ ਅਤੇ ਰਿਕਵਰੀ ਹਰ ਐਥਲੀਟ ਦੀਆਂ ਬੁਨਿਆਦੀ ਜ਼ਰੂਰਤਾਂ ਹਨ ਅਤੇ ਇਸ ਲਈ ਇਹ ਮਹਿਸੂਸ ਕੀਤਾ ਗਿਆ ਕਿ ਇਨ੍ਹਾਂ ਦੋ ਪ੍ਰੋਜੈਕਟਾਂ ਨੂੰ ਪਹਿਲ ਦੇ ਅਧਾਰ 'ਤੇ ਸ਼ੁਰੂ ਕਰਨ ਦੀ ਜ਼ਰੂਰਤ ਹੈ। ਇਹ ਦੋਵੇਂ ਪ੍ਰੋਜੈਕਟ 2022-23 ਲਈ 13 ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚੋਂ ਹਨ। 2014 ਤੋਂ 2021 ਤੱਕ 23 ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਥਲੀਟਾਂ ਨੂੰ ਉਹ ਸੁਵਿਧਾਵਾਂ ਮੁਹੱਈਆ ਹੋਣ ਜੋ ਉਨ੍ਹਾਂ ਨੂੰ ਚੰਗੀ ਤਰ੍ਹਾਂ ਟ੍ਰੇਨਿੰਗ ਦੇਣ ਅਤੇ ਆਪਣੀ ਖੇਡ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਲਈ ਲੋੜੀਂਦੀਆਂ ਹਨ।
ਕੇਂਦਰੀ ਖੇਡ ਮੰਤਰੀ ਨੇ 268 ਏਕੜ ਵਿੱਚ ਫੈਲੇ ਕੈਂਪਸ ਦੇ ਕਈ ਹੋਰ ਹਿੱਸਿਆਂ ਦਾ ਵੀ ਦੌਰਾ ਕੀਤਾ ਅਤੇ ਗ਼ੈਰ ਰਸਮੀ ਗੱਲਬਾਤ ਲਈ ਐਥਲੀਟਾਂ, ਕੋਚਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।