* ਹਰ ਬਲਾਕ ਵਿਚ ਹੋਵੇਗਾ ਸਿਹਤ ਮੇਲੇ ਦਾ ਆਯੋਜਨ- ਜਤਿੰਦਰ ਜੋਰਵਾਲ
* ਐਸ.ਡੀ.ਐਮ ਜਸਪ੍ਰੀਤ ਸਿੰਘ ਸਮੇਤ ਕਈ ਵਲੰਟੀਅਰਾਂ ਨੇ ਕੀਤਾ ਖ਼ੂਨਦਾਨ
* ਕੋਵਿਡ ਟੀਕਾਕਰਨ ਲਈ ਵੀ ਪ੍ਰੇਰਿਆ, ਕੈਂਸਰ ਦੇ ਲੱਛਣਾਂ ਅਤੇ ਸਮੇਂ ਸਿਰ ਇਲਾਜ ਬਾਰੇ ਵੀ ਕੀਤਾ ਜਾਗਰੂਕ
ਕੌਹਰੀਆਂ/ਸੰਗਰੂਰ, 19 ਅਪ੍ਰੈਲ :ਸੁਰਜੀਤ ਸਰਾਓ
ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹੇ ਦੇ ਸਿਹਤ ਬਲਾਕਾਂ ਵਿੱਚ ਸਿਹਤ ਮੇਲਿਆਂ ਦਾ ਆਯੋਜਨ ਆਰੰਭ ਹੋ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਿਹਤ ਸਹੂਲਤਾਂ ਦੀ ਪਹੁੰਚ ਹਰ ਲੋੜਵੰਦ ਤੱਕ ਯਕੀਨੀ ਬਣਾਉਣ ਲਈ ਹਰ ਬਲਾਕ ਵਿਚ ਅਜਿਹੇ ਮੇਲੇ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਬਲਾਕ ਕੌਹਰੀਆਂ ਵਿਖੇ ਲੱਗੇ ਸਿਹਤ ਮੇਲੇ ਦਾ ਲੋੜਵੰਦਾਂ ਨੇ ਵਧ ਚੜ੍ਹ ਕੇ ਲਾਭ ਉਠਾਇਆ। ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ ਕਰਵਾਏ
ਮੇਲੇ ਦੌਰਾਨ
ਸ੍ਰੀ ਜਸਪ੍ਰੀਤ ਸਿੰਘ ਐੱਸ.ਡੀ.ਐਮ.ਸੁਨਾਮ, ਸ੍ਰੀ ਰਾਜੇਸ਼ ਕੁਮਾਰ ਐੱਸ.ਡੀ.ਐਮ ਦਿੜ੍ਹਬਾ ਅਤੇ ਸ੍ਰੀ ਤਪਿੰਦਰ ਸਿੰਘ ਸੋਹੀ ਓ.ਐਸ.ਡੀ.,
ਨੇ ਸਿਹਤ ਵਿਭਾਗ ਵੱਲੋਂ ਵੱਖ ਵੱਖ ਸੇਵਾਵਾਂ ਦੇਣ ਲਈ ਲਗਾਏ ਕਾਊਂਟਰਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ।
ਮੇਲੇ ਵਿਚ ਸ਼ਾਮਿਲ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਸਿਹਤ ਮੇਲੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਲਈ ਕਾਫੀ ਲਾਹੇਵੰਦ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਸਿਹਤ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਬੁਨਿਆਦੀ ਜਰੂਰਤ ਹੈ ਅਤੇ ਸਿਹਤ ਬਾਰੇ ਜਾਗਰੂਕ ਹੋਣਾ ਅਤੇ ਵੱਖ ਵੱਖ ਸਿਹਤ ਸਹੂਲਤਾਂ ਦੀ ਸਹੀ ਜਾਣਕਾਰੀ ਹੋਣਾ ਅਤਿ ਜਰੂਰੀ ਹੈ ।
ਡਾ. ਸਤਿੰਦਰ ਕੌਰ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਇਕੋਂ ਥਾਂ ਤੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆ ਦੇਣ ਨਾਲ ਮਰੀਜ਼ਾਂ ਦੇ ਸਮੇਂ ਦੀ ਕਾਫੀ ਬੱਚਤ ਹੁੰਦੀ ਹੈ। ਉਨਾਂ ਕਿਹਾ ਕਿ ਜਿਹੜੇ ਲੋਕ ਦੂਰ ਦੁਰਾਡੇ ਹਸਪਤਾਲ ਨਹੀ ਜਾ ਸਕਦੇ, ਉਨ੍ਹਾਂ ਦੀ ਸੁਵਿਧਾ ਲਈ ਸਰਕਾਰ ਵੱਲੋਂ ਬਲਾਕ ਪੱਧਰ ’ਤੇ ਸਿਹਤ ਮੇਲੇ ਲਗਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਕਰੀਬ 400 ਮਰੀਜ਼ਾਂ ਨੇ ਮਾਹਿਰ ਡਾਕਟਰਾਂ ਤੋਂ ਆਪਣੀ ਸਰੀਰਕ ਜਾਂਚ ਕਰਵਾ ਕੇ ਸਿਹਤ ਮੇਲੇ ਦਾ ਲਾਭ ਲਿਆ। ਇਸ ਮੌਕੇ ਲਗਾਏ ਖ਼ੂਨਦਾਨ ਕੈਂਪ ਵਿੱਚ ਸ਼੍ਰੀ ਜਸਪ੍ਰੀਤ ਸਿੰਘ ਐਸ.ਡੀ.ਐਮ ਤੋਂ ਇਲਾਵਾ ਹੋਰਨਾਂ ਲੋਕਾਂ ਵੱਲੋਂ ਖ਼ੂਨਦਾਨ ਕੀਤਾ ਗਿਆ। ਹੋਮੀ ਭਾਬਾ ਕੈਂਸਰ ਹਸਪਤਾਲ ਦੀ ਟੀਮ ਵੱਲੋਂ ਕੈਂਸਰ ਸਕਰੀਨਿੰਗ ਕੀਤੀ ਗਈ ਅਤੇ ਲੋਕਾਂ ਨੂੰ ਕੈਂਸਰ ਦੇ ਲੱਛਣਾਂ ਬਾਰੇ ਜਾਗਰੂਕ ਵੀ ਕੀਤਾ ਗਿਆ।
ਇਸ ਮੌਕੇ ਮਮਤਾ ਐਨ.ਜੀ.ਓ. ਦੀ ਟੀਮ ਵੱਲੋਂ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਕੋਵਿਡ ਟੀਕਾਕਰਨ ਕਰਵਾਉਣ ਪ੍ਰਤੀ ਜਾਗਰੂਕ ਕੀਤਾ ਗਿਆ। ਮੇਲੇ ਦੌਰਾਨ ਲੋਕਾਂ ਦੀ ਸਿਹਤ ਜਾਂਚ ਤੋਂ ਇਲਾਵਾ ਆਨਲਾਈਨ ਸਿਹਤ ਪਛਾਣ ਪੱਤਰ ਬਣਾਉਣਾ, ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ, ਦਿਵਿਯਾਂਗ ਲੋਕਾਂ ਦੇ ਯੂ.ਡੀ.ਆਈ.ਡੀ ਕਾਰਡ ਬਣਵਾਏ ਗਏ, ਗੈਰ ਸੰਚਾਰੀ ਰੋਗ ਦੀ ਜਾਂਚ, ਟੈਲੀ ਮੈਡੀਸਿਨ , ਮੁਫ਼ਤ ਲੈਬ ਟੈਸਟ, ਮੁਫ਼ਤ ਦਵਾਈਆਂ, ਸਿਹਤ ਸਿੱਖਿਆ ਦੇ ਸਟਾਲ ਲਗਾਏ ਗਏ।
ਬਲਾਕ ਐਜੂਕੇਟਰ ਨਰਿੰਦਰ ਪਾਲ ਸਿੰਘ ਨੇ ਵੱਖ ਵੱਖ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਡਾ. ਵਰਿੰਦਰ ਕੁਮਾਰ ਨੇ ਆਰ ਬੀ ਐਸ ਕੇ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਸਟੇਜ ਦੀ ਕਾਰਵਾਈ ਗੁਰਪ੍ਰੀਤ ਸਿੰਘ ਮੰਗਵਾਲ ਵੱਲੋਂ ਨਿਭਾਈ ਗਈ। ਇਸ ਮੇਲੇ ਵਿੱਚ ਤਹਿਸੀਲਦਾਰ ਕੁਲਦੀਪ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ।