ਦੱਖਣੀ ਕੋਰੀਆ ’ਚ ਅੱਜ ਤੋਂ ਖੇਡ ਜਾਵੇਗੀ ਤਾਈਕਵਾਂਡੋ ਚੈਂਪੀਅਨਸ਼ਿਪ
ਚੰਡੀਗੜ੍ਹ, 21 ਅਪ੍ਰੈਲ, ਸੁਖਵਿੰਦਰਜੀਤ ਸਿੰਘ ਮਨੌਲੀ :
ਗੁਰੂਗ੍ਰਾਮ ਜ਼ਿਲ੍ਹੇ ਦੇ ਪਿੰਡ ਵਜ਼ੀਰਾਬਾਦ ਦੀਆਂ ਤਿੰਨ ਸਕੀਆਂ ਭੈਣਾਂ, ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ-2022 ’ਚ ਭਾਰਤ ਦੀ ਨੁਮਾਇੰਦਗੀ ਕਰਨਗੀਆਂ। ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ ਮੁਕਾਬਲਾ ਦੱਖਣੀ ਕੋਰੀਆ ਦੇ ਗੋਯਾਂਗ ਸ਼ਹਿਰ ’ਚ 21 ਤੋਂ 24 ਅਪਰੈਲ ਤੱਕ ਖੇਡਿਆ ਜਾਵੇਗਾ। ਇੰਡੀਅਨ ਤਾਈਕਵਾਂਡੋ ਦੇ ਸਿਲੈਕਟਰਾਂ ਵਲੋਂ ਵਿਸ਼ਵ ਚੈਂਪੀਅਨਸ਼ਿਪ ਖੇਡਣ ਲਈ ਤਿੰਨ ਸਕੀਆਂ ਭੈਣਾਂ ਪਿ੍ਰਆ ਯਾਦਵ, ਗੀਤਾ ਯਾਦਵ ਅਤੇ ਰੀਤੂ ਯਾਦਵ ਦੀ ਚੋਣ ਕੀਤੀ ਗਈ ਹੈ। ਇਸ ਸਬੰਧੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਤੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਦੇ ਪ੍ਰਤੀਨਿੱਧੀਆਂ ਵਲੋਂ ਇਨ੍ਹਾਂ ਤਿੰਨੇ ਸਕੀਆਂ ਭੈਣਾਂ ਨੇ ਸੰਪਰਕ ਸਾਧਿਆ ਗਿਆ ਹੈ। ਇਸ ਵਿਸ਼ਵ-ਵਿਆਪੀ ਤਾਈਕਵਾਂਡੋ ਟੂਰਨਾਮੈਂਟ ਤੋਂ ਪਹਿਲਾਂ ਵੀ ਇਹ ਤਿੰਨੇ ਭੈਣਾਂ ਕਈ ਮੌਕਿਆਂ ’ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਇਨ੍ਹਾਂ ਤਾਈਕਵਾਂਡੋ ਸਿਸਟਰ ਵਲੋਂ ਰਾਸ਼ਟਰੀ ਪੱਧਰ ’ਤੇ ਕਈ ਮੈਡਲ ਜਿੱਤ ਕੇ ਜ਼ਿਲ੍ਹੇ ਤੇ ਹਰਿਆਣਾ ਦਾ ਨਾਂਮ ਰੌਸ਼ਨ ਕੀਤਾ ਜਾ ਚੁੱਕਾ ਹੈ। ਕੌਮੀ ਸਿਲੈਕਟਰਾਂ ਵਲੋਂ ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਲਈ ਸੀਨੀਅਰ ਉਮਰ ਵਰਗ 30 ਲਈ ਖਿਡਾਰੀਆਂ ਦੇ ਟਰਾਇਲ 21 ਤੋਂ 24 ਫਰਵਰੀ ਤੱਕ ਮਹਾਰਾਸ਼ਟਰ ਦੇ ਔਰੰਗਾਬਾਦ ’ਚ ਆਯੋਜਿਤ ਕੀਤੇ ਗਏ ਸਨ। ਇਨ੍ਹਾਂ ਟਰਾਇਲ ਸੈਸ਼ਨਾਂ ’ਚ ਪੂਰੇ ਦੇਸ਼ ’ਚੋਂ 1050 ਖਿਡਾਰੀਆਂ ਨੇ ਭਾਗ ਲਿਆ ਸੀ। ਇਸ ਓਪਨ ਚੋਣ ਪ੍ਰਕਿਰਿਆ ’ਚ ਪਿੰਡ ਵਜ਼ੀਰਾਬਾਦ, ਜ਼ਿਲ੍ਹਾ ਗੁਰੂਗ੍ਰਾਮ ’ਚ ਰਹਿਣ ਵਾਲੀਆਂ ਤਿੰਨ ਸਕੀਆਂ ਭੈਣਾਂ ਪਿ੍ਰਆ ਯਾਦਵ, ਰਿਤੂ ਯਾਦਵ ਤੇ ਗੀਤਾ ਯਾਦਵ ਨੇ ਆਪੋ-ਆਪਣੇ ਵਰਗ ’ਚ ਪਹਿਲੇ ਸਥਾਨ ਹਾਸਲ ਕਰਕੇ ਤਾਇਕਵਾਂਡੋ ਚੈਂਪੀਅਨਸ਼ਿਪ ਖੇਡਣ ਲਈ ਕੁਆਲੀਫਾਈ ਕੀਤਾ ਹੈ। ਹੁਣ ਤਿੰਨਾਂ ਭੈਣਾਂ ਵਲੋਂ ਇਸ ਸੰਸਾਰ-ਵਿਆਪੀ ਮੁਕਾਬਲੇ ’ਚ ਮੈਡਲ ਜਿੱਤਣ ਲਈ ਸਿਖਲਾਈ ਸੈਸ਼ਨਾਂ ’ਚ ਸਖਤ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ।
ਇਨ੍ਹਾਂ ਤਿੰਨੇ ਭੈਣਾਂ ਦੇ ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ ਖੇਡਣ ਲਈ ਹੋਈ ਸਿਲੈਕਸ਼ਨ ’ਤੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਹੈ। ਖਿਡਾਰਨਾਂ ਦੇ ਪਿਤਾ ਜਤਿੰਦਰ ਸਿੰਘ ਯਾਦਵ ਖੁਸ਼ੀ ਦੇ ਇਸ ਆਲਮ ’ਚ ਦੱਸਦਾ ਹੈ ਕਿ ਉਸ ਦੀਆਂ ਤਿੰਨ ਕੁੜੀਆਂ ਰੀਤੂ ਯਾਦਵ, ਪਿ੍ਰਆ ਯਾਦਵ ਤੇ ਗੀਤਾ ਯਾਦਵ ਤਾਈਕਵਾਂਡੋ ਦੀਆਂ ਕੌਮੀ ਤੇ ਕੌਮਾਂਤਰੀ ਖਿਡਾਰਨਾਂ ਹਨ ਜਦਕਿ ਤੇ ਇਕ ਲੜਕੀ ਲੱਕੀ ਤੇ ਬੇਟਾ ਲਕਸ਼ਿਆ ਸਾਫਟਬਾਲ ਦੇ ਰਾਸ਼ਟਰੀ ਖਿਡਾਰੀ ਹਨ। ਜਤਿੰਦਰ ਸਿੰਘ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਹ ਤਾਂ ਸਿਰਫ ਕਿਰਾਏ ਤੋਂ ਮਿਲਣ ਵਾਲੇ ਪੈਸੇ ਨਾਲ ਹੀ ਪੂਰੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਬੇਟੀ ਪਿ੍ਰਆ ਬੀਪੀਐੱਡ ਪਹਿਲੇ ਸਾਲ ਦੀ ਸਟੂਡੈਂਟ ਹੈ, ਗੀਤਾ ਬੀਐੱਸਸੀ ਦੂਜੇ ਸਾਲ ’ਚ ਹੈ ਜਦਕਿ ਰਿਤੂ 12ਵੀਂ ਜਮਾਤ ਦੀ ਵਿਦਿਆਰਥਣ ਹੈ। ਪਿਤਾ ਜਤਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਹੋਲੀ ਤੋਂ ਇਕ ਦਿਨ ਪਹਿਲਾਂ ਯਾਨੀ 17 ਮਾਰਚ ਨੂੰ ਜਦੋਂ ਤਿੰਨੋ ਲੜਕੀਆਂ ਦੀ ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ ਖੇਡਣ ਲਈ ਚੁਣੇ ਜਾਣ ਦੀ ਸੂਚਨਾ ਮਿਲੀ ਤਾਂ ਪੂਰੇ ਪਰਿਵਾਰ ਤੇ ਆਢੀਂ-ਗੁਆਂਢੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਸਾਡੀ ਹੋਲੀ ਦੀਆਂ ਖੁਸ਼ੀਆਂ ਤਾਂ ਸਮਝੋ ਦੁੱਗਣੀਆਂ ਹੋ ਗਈਆਂ। ਸ੍ਰੀ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੀਆਂ ਧੀਆਂ ਦਿਨ ’ਚ ਚਾਰ ਘੰਟੇ ਸਵੇਰੇ ਅਤੇ ਚਾਰ ਘੰਟੇ ਸ਼ਾਮ ਨੂੰ ਘਰ ’ਚ ਅਭਿਆਸ ਕਰਦੀਆਂ ਹਨ। ਇਨ੍ਹਾਂ ਖਿਡਾਰਨਾਂ ਦੀ ਆਧੁਨਿਕ ਸਿਖਲਾਈ ਲਈ ਘਰ ’ਚ ਵੱਡੇ ਪੱਧਰ ’ਤੇ ਖੇਡਾਂ ਦਾ ਸਾਮਾਨ ਰੱਖਿਆ ਗਿਆ ਹੈ, ਤਾਂ ਜੋ ਇਨ੍ਹਾਂ ਦੀ ਸਿਖਲਾਈ ’ਚ ਕੋਈ ਕਮੀ ਪੇਸ਼ ਨਾ ਆਵੇ। ਉਸ ਦੀਆਂ ਖਿਡਾਰਨ ਕੁੜੀਆਂ ਵੀ ਰੋਜ਼ਾਨਾ ਬਿਨਾਂ ਨਾਗਾ ਨਿੱਠ ਕੇ ਅਭਿਆਸ ਕੀਤਾ ਜਾਂਦਾ ਹੈ। ਵਿਸਵ ਤਾਈਕਵਾਂਡੋ ਚੈਂਪੀਅਨਸ਼ਿਪ ਖੇਡਣ ਲਈ ਚੁਣੇ ਜਾਣ ਤੋਂ ਬਾਅਦ ਕੋਚਿੰਗ ਕੈਂਪ ’ਚ ਸਿਖਲਾਇਰਾਂ ਵਲੋਂ ਉਨ੍ਹਾਂ ਨੂੰ ਕੌਮਾਂਤਰੀ ਮੁਕਾਬਲਾ ਖੇਡਣ ਵੱਡੇ ਪੱਧਰ ’ਤੇ ਟਰੇਂਡ ਕੀਤਾ ਜਾ ਰਿਹਾ ਹੈ। ਪਿਤਾ ਦਾ ਅੰਤ ’ਚ ਕਹਿਣਾ ਹੈ ਕਿ ਉਹ ਇਸ ਆਲਮੀ ਤਾਈਕਵਾਂਡੋ ਟੂਰਨਾਮੈਂਟ ’ਚ ਮੈਡਲ ਜਿੱਤ ਕੇ ਦੇਸ਼ ਤੇ ਹਰਿਆਣਾ ਦਾ ਨਾਮ ਜ਼ਰੂਰ ਰੌਸ਼ਨ ਕਰਨਗੀਆਂ।
ਪਰਿਵਾਰ ਦੇ ਨੇੜਲੇ ਸਬੰਧੀ ਦਾ ਕਹਿਣਾ ਹੈ ਕਿ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਗੀਤਾ ਯਾਦਵ ਨੇ 2018 ’ਚ ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਇਸ ਤੋਂ ਇਲਾਵਾ ਦੱਖਣੀ ਏਸ਼ੀਆਈ ਖੇਡਾਂ-2019 ’ਚ ਗੀਤਾ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ’ਚ ਪਾ ਚੁੱਕੀ ਹੈ। ਇਸ ਤੋਂ ਇਲਾਵਾ ਰੀਤੂ ਯਾਦਵ ਵੀ ਦੱਖਣੀ ਏਸ਼ੀਆਈ ਖੇਡਾਂ-2019 ’ਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਮੈਡਲ ਜਿੱਤ ਚੁੱਕੀ ਹੈ। ਉਹ ਵੀ ਜਿੱਤ ਚੁੱਕੀ ਹੈ। ਸਭ ਤੋਂ ਵੱਡੀ ਪਿ੍ਰਆ ਯਾਦਵ ਨੇ ਕਈ ਵਾਰ ਦੇਸ਼ ਦੀ ਨੁਮਾਇੰਦਗੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਓਪਨ ਚੈਂਪੀਅਨਸ਼ਿਪ ’ਚ ਉਸ ਵਲੋਂ ਕਈ ਤਗਮੇ ਜਿੱਤੇ ਜਾ ਚੁੱਕੇ ਹਨ। ਪਿ੍ਰਆ ਯਾਦਵ ਨੇ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨਸ਼ਿਪ ’ਚ ਵੀ ਤਗਮਾ ਜਿੱਤਿਆ ਹੋਇਆ ਹੈ।
ਗੁਰੂਗ੍ਰਾਮ ਮੰਡਲ ਦੇ ਡਿਪਟੀ ਡਾਇਰੈਕਟਰ, ਸਪੋਰਟਸ ਸ੍ਰੀ ਗਿਰੀਰਾਜ ਸਿੰਘ ਦਾ ਕਹਿਣਾ ਹੈ ਕਿ ਇਹ ਭਾਰਤ ਤੇ ਹਰਿਆਣਾ ਲਈ ਮਾਣ ਵਾਲੀ ਗੱਲ ਹੈ ਕਿ ਇਕੋ ਸਮੇਂ ਕੌਮੀ ਤਾਈਕਵਾਂਡੋ ਟੀਮ ’ਚ ਤਿੰਨ ਸਕੀਆਂ ਭੈਣਾਂ ਮੈਦਾਨ ’ਚ ਤਗਮੇ ਜਿੱਤਣ ਲਈ ਖੂਨ-ਪਸੀਨਾ ਇਕ ਕਰਨਗੀਆਂ।
(advt53)