ਨਵੀਂ ਦਿੱਲੀ/9 ਅਪ੍ਰੈਲ/ਦੇਸ਼ ਕਲਿਕ ਬਿਊਰੋ:
ਚੀਨ ਅਤੇ ਅਮਰੀਕਾ ਵਿਚ ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜਰ ਭਾਰਤ ਦੇ ਸਿਹਤ ਮੰਤਰਾਲੇ ਨੇ ਪੰਜ ਰਾਜਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ ਅਤੇ ਮਿਜ਼ੋਰਮ ਦੀਆਂ ਸਰਕਾਰਾਂ ਨੂੰ ਪੱਤਰ ਲਿਖਿਆ ਹੈ। ਇਸ ਵਿਚ ਸਿਹਤ ਸਕੱਤਰ ਨੇ ਰਾਜਾਂ ਨੂੰ ਚੌਕਸੀ ਵਧਾਉਣ ਅਤੇ ਕਰੋਨਾ ਲਾਗ ਦੀ ਦਰ ਵਧਣ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਕਿਹਾ ਹੈ।ਸਿਹਤ ਸਕੱਤਰ ਨੇ ਕਿਹਾ ਕਿ ਇਨ੍ਹਾਂ ਰਾਜਾਂ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ ਵੱਧ ਰਹੀ ਹੈ, ਯਾਨੀ ਹਰ ਰੋਜ਼ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਨੂੰ ਸਥਿਤੀ ਦੀ ਗੰਭੀਰਤਾ ਨਾਲ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਲੋੜ ਪੈਣ 'ਤੇ ਕੋਵਿਡ-19 ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।
ਇੱਕ ਪਾਸੇ ਜਿੱਥੇ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਉੱਥੇ ਹੀ ਦਿੱਲੀ, ਮਹਾਰਾਸ਼ਟਰ, ਹਰਿਆਣਾ, ਕੇਰਲ ਅਤੇ ਮਿਜ਼ੋਰਮ ਵਿੱਚ ਪਿਛਲੇ 7 ਦਿਨਾਂ ਵਿੱਚ ਪਾਜ਼ਿਟਿਵ ਦਰ ਵਿੱਚ ਅਚਾਨਕ ਵਾਧਾ ਹੋਇਆ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਕੇਰਲ, ਮਹਾਰਾਸ਼ਟਰ, ਦਿੱਲੀ, ਹਰਿਆਣਾ ਅਤੇ ਮਿਜ਼ੋਰਮ ਨੂੰ ਅਲਰਟ ਭੇਜਿਆ ਹੈ।