ਖਿਤਾਬੀ ਮੁਕਾਬਲੇ ’ਚ ਨਾਗਾਲੈਂਡ ਪੁਲੀਸ ਨੂੰ 1-0 ਨਾਲ ਹਰਾਇਆ
ਚੰਡੀਗੜ੍ਹ: 6 ਅਪ੍ਰੈਲ, ਸੁਖਵਿੰਦਰਜੀਤ ਸਿੰਘ ਮਨੌਲੀ
ਸਿਟੀ ਕਲੱਬ ਮਿਨਰਵਾ ਡੀਐਫਸੀ ਨੇ ਬੋਰਡੋਲੋਈ ਫੁਟਬਾਲ ਕੱਪ ਦੇ 68ਵੇਂ ਅਡੀਸ਼ਨ ’ਚ ਖਿਤਾਬੀ ਜਿੱਤ ਹਾਸਲ ਕੀਤੀ ਹੈ। ਮਿਨਰਵਾ ਦਿੱਲੀ ਫੁਟਬਾਲ ਕਲੱਬ ਦੀ ਟੀਮ ਨੇ ਫਾਈਨਲ ’ਚ ਨਾਗਾਲੈਂਡ ਪੁਲੀਸ ਐਫਸੀ ਨੂੰ 1-0 ਗੋਲ ਅੰਤਰ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਵੱਡਾ ਜੱਸ ਖੱਟਿਆ ਹੈ। ਇਸ ਫਸਵੇਂ ਖਿਤਾਬੀ ਮੈਚ ਦੇ ਪਹਿਲੇ ਹਾਫ ’ਚ ਕੋਈ ਟੀਮ ਗੋਲ ਨਾ ਕਰ ਸਕੀ, ਜਿਸ ਕਰਕੇ ਪਹਿਲਾ ਅੱਧ ਬਰਾਬਰੀ ’ਤੇ ਸਮਾਪਤ ਹੋਇਆ। ਫਾਈਨਲ ਮੈਚ ਦਾ ਸਿਰਫ ਇਕੋ-ਇਕ ਗੋਲ ਦੂਜੇ ਹਾਫ ’ਚ ਮਿਨਰਵਾ ਡੀਐਫਸੀ ਦੀ ਟੀਮ ਵਲੋਂ ਖੇਡਦੇ ਜਪਾਨੀ ਸਟਰਾਈਕਰ ਕੋਸੁਕੇ ਯਾਮਾਜ਼ਾਕੀ ਵਲੋਂ ਸਕੋਰ ਕੀਤਾ ਗਿਆ।
ਬੋਰਡੋਲੋਈ ਫੁਟਬਾਲ ਕੱਪ ’ਤੇ ਕਬਜ਼ਾ ਕਰਨ ਲਈ ਫਾਈਨਲ ਮੁਕਾਬਲਾ ਮਿਨਰਵਾ ਡੀਐਫਸੀ ਅਤੇ ਨਾਗਾਲੈਂਡ ਪੁਲੀਸ ਐਫਸੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ’ਚ ਮਿਨਰਵਾ ਐਫਸੀ ਨੇ ਜਿੱਤ ਹਾਸਲ ਕੀਤੀ। ਦੋਵੇਂ ਟੀਮਾਂ ਦੇ ਖਿਡਾਰੀਆਂ ਵਲੋਂ ਪਹਿਲਾ ਹਾਫ ਬਚਾਅ ਦੀ ਨੀਤੀ ਕਰਕੇ ਬਰਾਬਰੀ ’ਤੇ ਸਮਾਪਤ ਹੋਇਆ। ਹਾਲਾਂਕਿ ਮੌਕਾ ਮਿਲਣ ’ਤੇ ਦੋਵੇਂ ਟੀਮਾਂ ਦੇ ਸਟਰਾਈਕਰ ਮੌਕਾ ਭੁਨਾਉਣ ਲਈ ਕਾਫੀ ਸਮਾਂ ਮੈਦਾਨ ’ਚ ਲੁੱਕਣਮੀਚੀ ਖੇਡਦੇ ਵੇਖੇ ਗਏ। ਪਰ ਇਸ ਦੌਰਾਨ ਮਿਨਰਵਾ ਡੀਐਫਸੀ ਦੇ ਡਿਫੈਂਡਰ ਜਿੱਥੇ ਵਿਰੋਧੀ ਸਟਰਾਈਕਰਾਂ ਨੂੰ ਪੂਰੀ ਤਰ੍ਹਾਂ ਨਕੇਲ ਪਾਉਣ ’ਚਖ ਸਫਲ ਰਹੇ ਉੱਥੇ ਇਸ ਦੇ ਵਾਰਵਰਡਾਂ ਨੇ ਵੀ ਦੋ-ਤਿੰਨ ਵਾਰ ਅਟੈਕਿੰਗ ਰੁਖ ਅਖਤਿਆਰ ਕਰਦੇ ਹੋਏ ਵਿਰੋਧੀ ਰੱਖਿਅਕਾਂ ਦੀ ਨੀਂਦ ਹਰਾਮ ’ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਪਹਿਲੇ ਅੱਧ ’ਚ ਮਿਨਰਵਾ ਡੀਐਫਸੀ ਦੇ ਖਿਡਾਰੀ ਹਾਜ਼ਰਾ ਵਲੋਂ ਮਿਡਫੀਲਡ ਤੋਂ ਗੋਲ ਕਰਨ ਦਾ ਇਕ ਮੂਵ ਬਣਾਇਆ ਗਿਆ ਪਰ ਸ਼ਾਟ ਗੋਲ ਪੋਸਟ ਦੀ ਬਾਰ ’ਤੇ ਬਾਹਰ ਚਲਾ ਗਿਆ।
ਦੂਜੇ ਹਾਫ ’ਚ ਦੋਵੇਂ ਟੀਮਾਂ ਕਰੋ ਜਾਂ ਮਰੋ ਦੀ ਸਥਿਤੀ ਦੇ ਆਲਮ ਸਨ। ਦੋਵੇਂ ਟੀਮਾਂ ਦੇ ਸਟਰਾਈਕਰਾਂ ਦੇ ਹੱਲਿਆਂ ਦੀ ਧਾਰ ਇਸ ਕਦਰ ਤਿੱਖੀ ਸੀ ਕਿ ਡਿਫੈਂਡਰ ਭਾਜੜਾਂ ਪੈਣ ਦੇ ਬਾਵਜੂਦ ਬਾਖੂਬੀ ਨਾਲ ਗੋਲ ਬਚਾਉਂਦੇ ਰਹੇ। ਇਨ੍ਹਾਂ ਹੱਲਿਆਂ ਦੀ ਖੈਰ ਆਖਰ ਮਿਨਰਵਾ ਡੀਐਫਸੀ ਦੀ ਟੀਮ ਦੇ ਪੱਲੇ ’ਚ ਉਦੋਂ ਪਈ ਜਦੋਂ 70ਵੇਂ ਮਿੰਟ ਟੀਮ ਦੇ ਜਪਾਨੀ ਸਟਰਾਈਕਰ ਕੋਸੁਕੇ ਯਾਮਾਜ਼ਾਕੀ ਨੇ ਸਕੋਰ ਕਰਕੇ ਟੀਮ ਨੂੰ 1 ਗੋਲ ਨਾਲ ਅੱਗੇ ਕਰ ਦਿੱਤਾ। ਕੋਸੁਕੇ ਨੂੰ ਇਸ ਗੋਲ ਲਈ ਸਵਿੰਗ ਹੋਇਆ ਬਾਲ ਗੋਲ ਬਾਕਸ ਦੇ ਬਿਲਕੁਲ ਸਾਹਮਣੇ ਮਿਲਿਆ ਸੀ, ਜਿਸ ਨੂੰ ਉਸ ਵਲੋਂ ਗੋਲ ਦਾ ਰੂਪ ਦੇਣ ’ਚ ਕੋਈ ਗਲਤੀ ਨਹੀਂ ਕੀਤੀ ਗਈ। ਇਕ ਗੋਲ ਨਾਲ ਪਛੜਨ ਤੋਂ ਬਾਅਦ ਨਾਗਾਲੈਂਡ ਪੁਲੀਸ ਐਫਸੀ ਦੀ ਦੇ ਮਿੱਡਫੀਲਡਰਾਂ ਤੇ ਸਟਰਾਈਕਰਾਂ ਵਲੋਂ ਮਿਨਰਵਾ ਦੇ ਗੋਲ ਵੱਲ ਅਟੈਕਿੰਗ ਰੁਖ ਅਖਤਿਆਰ ਕਰਦਿਆਂ ਤਿੱਖੇ ਹਮਲੇ ਕੀਤੇ ਗਏ ਪਰ ਮਿਨਰਵਾ ਦੇ ਡਿਫੈਂਡਰਾਂ ਤੇ ਗੋਲਕੀਪਰ ਦੀ ਚੌਕਸੀ ਵਿਰੋਧੀ ਵਾਰਵਰਡਾਂ ਦੀਆਂ ਸਾਰੀਆਂ ਚਾਲਾਂ ’ਤੇ ਪਾਣੀ ਫੇਰਨ ’ਚ ਸਹਾਈ ਸਿੱਧ ਹੋਈ।
ਮੈਚ ਦੇ ਅੰਤਲੇ ਮਿੰਟਾਂ ਤੱਕ ਮਿਨਰਵਾ ਡੀਐਫਸੀ ਦੇ ਡਿਫੈਂਡਰਾਂ ਤੇ ਗੋਲਚੀ ਵਲੋਂ ਲੀਡ ਦੀ ਬਾਖੂਬੀ ਰਾਖੀ ਕੀਤੀ ਗਈ। ਇਸ ਤੋਂ ਬਾਅਦ ਮੈਚ ਦੇ ਸਮਾਪਤੀ ਹੂਟਰ ਵੱਜਣ ਤੋਂ ਬਾਅਦ ਜਿੱਥੇ ਨਾਗਾਲੈਂਡ ਪੁਲੀਸ ਨੂੰ ਗੋਲ ਤਲਾਸ਼ਣ ਲਈ ਕਈ ਰਾਹ ਨਹੀਂ ਲੱਭਿਆ ਉੱਥੇ ਕੋਸੁਕੇ ਯਾਮਾਜ਼ਾਕੀ ਵਲੋਂ ਸਕੋਰ ਕੀਤਾ ਇਕੋ-ਇਕ ਫੀਲਡ ਗੋਲ ਮਿਨਰਵਾ ਡੀਐਫਸੀ ਦੀ ਟੀਮ ਦੀ ਜਿੱਤ ਦਾ ਰਾਹ ਪੱਧਰਾ ਕਰਨ ’ਚ ਸਹਾਈ ਸਿੱਧ ਹੋਇਆ।
ਬੋਰਡੋਲੋਈ ਫੁਟਬਾਲ ਕੱਪ ’ਚ ਮਿਨਰਵਾ ਡੀਐਫਸੀ ਦੀ ਪਲੇਠੀ ਜਿੱਤ ਸੀ, ਜਿਸ ’ਚ ਚੈਂਪੀਅਨ ਨਾਮਜ਼ਦ ਹੋਣ ਸਦਕਾ ਹੁਣ ਇਸ ਦੇ ਖਿਡਾਰੀ ਦੇਸ਼ ਦੇ ਚੰਗੇ ਫੁਟਬਾਲਰਾਂ ’ਚ ਸ਼ੁਮਾਰ ਹੋ ਗਏ ਹਨ। ਇਸ ਤੋਂ ਪਹਿਲਾਂ ਇਸ ਵੱਕਾਰੀ ਟੂਰਨਾਮੈਂਟ ’ਚ ਪੋਰਟ ਅਥਾਰਿਟੀ ਫੁਟਬਾਲ ਕਲੱਬ ਬੈਂਕਾਕ ਨੇ ਜਿੱਥੇ ਚਾਰ ਵਾਰ ਚੈਂਪੀਅਨ ਬਣਨ ਦਾ ਹੱਕ ਹਾਸਲ ਕੀਤਾ ਹੈ ਉੱਥੇ ਅਭੌਨੀ ਕਿ੍ਰਆਚੱਕਰ ਐਫਸੀ ਬੰਗਲਾਦੇਸ਼, ਥ੍ਰੀ-ਸਟਾਰ ਫੁਟਬਾਲ ਕਲੱਬ ਨੇਪਾਲ, ਬ੍ਰਦਰਜ਼ ਯੂਨੀਅਨ ਕਲੱਬ ਬੰਗਲਾਦੇਸ਼ ਤੇ ਨਵਖੋਰ ਫੁਟਬਾਲ ਕਲੱਬ ਉਜ਼ਬੇਕਿਸਤਾਨ ਦੀਆਂ ਟੀਮਾਂ ਨੇ ਕਰਮਵਾਰ ਇਕ-ਇਕ ਵਾਰ ਇਸ ਦੀ ਟਰਾਫੀ ’ਤੇ ਕਬਜ਼ਾ ਜਮਾਇਆ ਹੈ।
ਮਿਨਰਵਾ ਡੀਐਫਸੀ ਵਲੋਂ ਪੂਲ ਮੈਚਾਂ ਤੋਂ ਇਲਾਵਾ ਸੈਮੀਫਾਈਨਲ ਤੇ ਫਾਈਨਲ ਤੱਕ ਦੇ ਸਫਰ ਦੌਰਾਨ ਇਸ ਟੂਰਨਾਮੈਂਟ ’ਚ ਪੰਜ ਮੈਚ ਖੇਡੇ ਗਏ, ਜਿਸ ’ਚ ਟੀਮ ਦੇ ਗੋਲਚੀ, ਡਿਫੈਂਡਰਾਂ, ਮਿੱਡਫੀਲਡਰਾਂ ਤੇ ਸਟਰਾਈਕਰਾਂ ਦੀ ਖੇਡ ਦੇ ਲੇਖੇ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਟੀਮ ਵਲੋਂ ਵਿਰੋਧੀ ਟੀਮਾਂ ਸਿਰ 10 ਗੋਲ ਸਕੋਰ ਕੀਤੇ ਗਏ ਜਦਕਿ ਟੀਮ ’ਤੇ ਸਿਰਫ ਇਕ ਹੀ ਗੋਲ ਹੋਇਆ।
ਫੋਟੋ ਕੈਪਸ਼ਨ:(੪੨੫੦) ਸਿਟੀ ਕਲੱਬ ਮਿਨਰਵਾ ਡੀਐਫਸੀ ਦੇ ਫੁਟਬਾਲਰ ਬੋਰਡੋਲੋਈ ਕੱਪ ਦੀ ਟਰਾਫੀ ਜਿੱਤਣ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ।